ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੰਗ੍ਰੇਜ਼ੀ ਨਾਲ ਪਿਆਰ ਇੱਕ ਵਾਰ ਮੁੜ ਤੋਂ ਉਜਾਗਰ ਹੋਇਆ ਹੈ। 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼ਹਿਰ 'ਚ ਕਾਂਗਰਸ ਵੱਲੋਂ ਵਧਾਈ ਦੇ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਹੋਰਡਿੰਗਾਂ 'ਚ ਕੈਪਟਨ ਨੇ ਸ਼ਹਿਰ ਵਾਸੀਆਂ ਨੂੰ ਅੰਗ੍ਰੇਜ਼ੀ 'ਚ ਵਧਾਈ ਦਿੱਤੀ ਹੈ।
ਅੰਗ੍ਰੇਜ਼ੀ ਦੇ ਵੱਡੇ-ਵੱਡੇ ਹੋਰਡਿੰਗ ਲੁਧਿਆਣਾ ਦੇ ਸ਼ਹਿਰ 'ਚ ਆਮ ਵੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਵੇਖ ਕੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਗਲਤ ਹੈ ਅਤੇ ਸਿੱਖ ਭਾਈਚਾਰੇ ਵਿੱਚ ਇਨ੍ਹਾਂ ਹੋਰਡਿੰਗਸ ਦੇ ਨਾਲ ਗਲਤ ਸੁਨੇਹਾ ਜਾ ਰਿਹਾ ਹੈ।
ਸ਼ਹਿਰ ਵਾਸੀਆਂ ਮੁਤਾਬਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਚੰਗਾ ਮੌਕਾ ਸੀ ਪਰ ਸਾਡੀ ਸਰਕਾਰ ਮੁੜ ਤੋਂ ਅੰਗ੍ਰੇਜ਼ੀ ਦੇ ਦੁਆਲੇ ਹੋ ਗਈ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਅਸੀਂ ਖ਼ੁਦ ਹੀ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਨਹੀਂ ਕਰ ਰਹੇ ਹਾਂ ਤਾਂ ਨਵੀਂ ਪੀੜ੍ਹੀ ਕਿਵੇਂ ਇਸ ਨੂੰ ਅਪਣਾਏਗੀ।