ਜਲੰਧਰ: ਕਸਬਾ ਫਿਲੌਰ ਦੇ ਪਿੰਡ ਬਕਾਪੁਰ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੋਰਾਂ ਵੱਲੋਂ ਇੱਕ ਘਰ ਵਿੱਚ ਬੀਤੀ ਰਾਤ ਚੋਰੀ ਕਰਨ ਦੇ ਦੌਰਾਨ ਇੱਕ ਛੋਟੇ ਜਿਹੇ ਨਵਜਾਤ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਰ ਵਿੱਚ ਚੋਰੀ ਕਰਨ ਦੀ ਨੀਅਤ ਵਿੱਚ ਦਾਖਿਲ ਹੋਏ ਚੋਰ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਉਸੇ ਸਮੇਂ ਰੋ ਪਿਆ। ਇਸ ਤੋਂ ਬਾਅਦ ਬੱਚੇ ਦੀ ਮਾਂ ਦੀ ਅੱਖ ਖੁੱਲ੍ਹ ਗਈ ਅਤੇ ਚੋਰ ਬੈਗ ਨੂੰ ਬੱਚੇ ਸਮੇਤ ਹੀ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ।
ਇਹ ਵੀ ਪੜੋ: ਨਿੱਜੀ ਹਸਪਤਾਲ ’ਚ ਚੱਲੀਆਂ ਸ਼ਰੇਆਮ ਗੋਲੀਆਂ, ਦੇਖੋ ਵੀਡੀਓ
ਜਾਣਕਾਰੀ ਦਿੰਦੇ ਹੋਏ ਨਵਜਾਤ ਬੱਚੇ ਦੇ ਪਿਤਾ ਬਲਵਿੰਦਰ ਨੇ ਦੱਸਿਆ ਕਿ ਚੋਰ ਜਦੋਂ ਉਨ੍ਹਾਂ ਦੇ ਘਰ ਵਿੱਚ ਆਏ ਤਾਂ ਵਧੇਰੇ ਸਮਾਨ ਨਹੀਂ ਮਿਲਿਆ ਜਿਸ ਕਾਰਨ ਉਹ ਬੱਚੇ ਨੂੰ ਹੀ ਬੈਗ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬੱਚਾ ਰੋ ਪਿਆ ਤਾਂ ਮਾਂ ਦੀ ਤੁਰੰਤ ਅੱਖ ਖੁੱਲ੍ਹ ਗਈ ਤੇ ਉਹਨਾਂ ਨੇ ਇੱਕ ਦਮ ਚੋਰਾ ਨੂੰ ਦੇਖ ਰੌਲਾ ਪਾ ਦਿੱਤਾ ਤੇ ਉਹ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ 2 ਮੋਬਾਇਲ ਫੋਨ ਅਤੇ 2 ਹਜ਼ਾਰ ਰੁਪਏ ਸਨ।
ਫਿਲਹਾਲ ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਫਿਲੌਰ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਬੱਚੇ ਦੇ ਮਾਤਾ ਪਿਤਾ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ੍ਹ ਲਿਆ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਵਾਕਾ ਨਾ ਹੋ ਸਕੇ।