ਸ੍ਰੀ ਫ਼ਤਿਹਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਗਰ ਕੌਂਸਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਆਪ ਉਮੀਦਵਾਰਾਂ ਨੇ ਨਗਰ ਕੌਂਸਲ ’ਤੇ ਐੱਨ.ਓ.ਸੀ. ਨਾ ਦੇਣ ਦੇ ਇਲਜਾਮ ਲਾਏ ਹਨ। ਇਸ ਮੌਕੇ ਆਪ ਦੇ ਸੀਨੀਅਰ ਆਗੂ ਪਰਦੀਪ ਮਲਹੋਤਰਾ ਤੇ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਆਗੂਆਂ ਦਾ ਪ੍ਰਸ਼ਾਸਨ ’ਤੇ ਦਬਾਅ ਹੋਣ ਕਾਰਨ ਆਪ ਦੇ ਉਮੀਦਵਾਰਾਂ ਨੂੰ ਐੱਨ.ਓ.ਸੀ. ਨਹੀਂ ਦਿੱਤੀ ਜਾ ਰਹੀ ਹੈ, ਜਿਸ ਦੇ ਰੋਸ ਵੱਜੋਂ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਐੱਸ.ਡੀ.ਓ. ਨਾਲ ਵੀ ਹੋਈ ਸੀ ਗੱਲ: ‘ਆਪ’ ਆਗੂ
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਐੱਸ.ਡੀ.ਓ. ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਫੋਨ ’ਤੇ ਗੱਲ ਕੀਤੀ ਸੀ, ਜਿਹਨਾਂ ਨੇ ਕਿਹਾ ਸੀ ਕਿ ਜੇਕਰ ਐੱਨ.ਓ.ਸੀ. ਦੀ ਲੋੜ ਨਹੀਂ ਹੈ ਤਾਂ ਨੋ-ਡਿਊ ਸਰਟੀਫਿਕੇਟ ਦਿੱਤਾ ਜਾਵੇ, ਤਾਂ ਜੋ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਪਰ ਇਸ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਮਨਾ ਵਿੱਚ ਹਾਰ ਦਾ ਡਰ ਹੈ, ਇਸ ਲਈ ਸਾਨੂੰ ਨੋ-ਡਿਊ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ। ਇਸ ਸੰਬੰਧੀ ਐੱਸ.ਡੀ.ਐੱਮ. ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਰਾਜ ਕਮਿਸ਼ਨ ਵੱਲੋਂ ਪੱਤਰ ਆਇਆ ਕਿ ਐੱਨ.ਓ.ਸੀ. ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਅਧਿਕਾਰੀ ਦਾ ਸਾਡੇ ’ਤੇ ਕੋਈ ਦਬਾਅ ਨਹੀਂ ਹੈ।