ਚੰਡੀਗੜ੍ਹ: ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਆਪਣਾ ਅੰਤਰਿਮ ਹੁਕਮ 5 ਜੁਲਾਈ ਤੱਕ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਤੇਜਿੰਦਰ ਬੱਗਾ ਨੂੰ 5 ਜੁਲਾਈ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਦਰਅਸਲ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਬੱਗਾ ਦੀ ਗ੍ਰਿਫਤਾਰੀ 'ਤੇ 10 ਮਈ ਤੱਕ ਰੋਕ ਲਗਾ ਦਿੱਤੀ ਸੀ ਅਤੇ ਹੁਣ ਉਹੀ ਹੁਕਮ 5 ਜੁਲਾਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
ਬੱਗਾ ਕੋਲੋਂ ਸਵਾਲ-ਜਵਾਬ ਕਰ ਸਕੇਗੀ ਪੰਜਾਬ ਪੁਲਿਸ : ਪੰਜਾਬ ਪੁਲਿਸ ਨੂੰ ਬੱਗਾ ਤੋਂ ਪੁੱਛਗਿਛ ਕਰਨ ਦੀ ਇਜਾਜ਼ਤ ਮਿਲ ਗਈ ਹੈ। 6 ਜੁਲਾਈ ਨੂੰ 2 ਘੰਟਿਆਂ ਲਈ ਪੰਜਾਬ ਪੁਲਿਸ ਬੱਗਾ ਦੇ ਘਰ ਜਾ ਕੇ ਸਵਾਲ ਜਵਾਬ ਕਰ ਸਕਦੀ ਹੈ। ਦੱਸ ਦਈਏ ਕਿ ਅਗਲੀ ਸੁਣਵਾਈ ਤੱਕ ਬੱਗਾ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ।
ਕੋਰਟ ਵਿੱਚ ਹੋਈ ਸੁਣਵਾਈ: ਬੱਗਾ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਪੁਨੀਤ ਬਾਲੀ ਪੇਸ਼ ਹੋਏ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਸੀਸੀਟੀਵੀ ਫੁਟੇਜ ਉਨ੍ਹਾਂ ਦੇ ਕੋਲ ਰੱਖੀ ਗਈ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਉਸ ਫੁਟੇਜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਤਰਫੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਗਈ ਹੈ ਹੈਬੀਅਸ ਕਾਰਪਸ (habeas corpus) ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਦਾ ਕੋਈ ਵੀ ਪੁਲਿਸ ਅਧਿਕਾਰੀ ਦਿੱਲੀ ਜਾਂ ਹਰਿਆਣਾ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈ।
ਦਰਅਸਲ, ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕਿਹਾ ਗਿਆ ਹੈ ਕਿ ਬੱਗਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਦਿੱਲੀ ਗਈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪਹਿਲਾਂ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਫਿਰ ਹਰਿਆਣਾ ਪੁਲੀਸ ਨੇ ਪੰਜਾਬ ਆਉਂਦਿਆਂ ਹੀ ਹਿਰਾਸਤ ਵਿੱਚ ਲਿਆ। ਇਸ ਕਾਰਨ ਪੰਜਾਬ ਦੀ ਤਰਫੋਂ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਮੋਹਾਲੀ ਅਦਾਲਤ ਨੇ ਵਾਰੰਟ ਕੀਤਾ ਹੈ ਜਾਰੀ: ਦੱਸ ਦਈਏ ਕਿ 8 ਮਈ ਨੂੰ ਮੋਹਾਲੀ ਅਦਾਲਤ ਵਲੋਂ ਤਜਿੰਦਰ ਬੱਗਾ ਖਿਲਾਫ਼ ਵਾਰੰਟ ਜਾਰੀ ਕੀਤੇ ਗਏ ਸਨ। ਜਿਸ 'ਤੇ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਸੀ। ਜੁਡੀਸ਼ੀਅਲ ਮੈਜਿਸਟਰੇਟ ਰਵੀਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ਨੇ ਸਾਈਬਰ ਕ੍ਰਾਈਮ ਸਟੇਸ਼ਨ ਦੇ ਇੰਚਾਰਜ ਨੂੰ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਪੇਸ਼ੀ ’ਤੇ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਸੀ ਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਮਈ 2022 ਦੀ ਤਰੀਕ ਤੈਅ ਕੀਤੀ ਸੀ।
ਮੁਹਾਲੀ ਅਦਾਲਤ ਵਲੋਂ ਜਾਰੀ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਜੱਜ ਵਲੋਂ ਦਿੱਲੀ ਅਤੇ ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਸੀ। ਅਦਾਲਤ ਦਾ ਕਹਿਣਾ ਸੀ ਕਿ ਤਜਿੰਦਰ ਬੱਗਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਛੱਡਿਆ ਗਿਆ ਹੈ।
ਹਾਈਕੋਰਟ ਵਲੋਂ ਦਿੱਤੀ ਰਾਹਤ: ਇਸ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਤਜਿੰਦਰ ਬੱਗਾ ਨੂੰ ਰਾਹਤ ਦਿੱਤੀ ਗਈ ਸੀ। ਦੱਸ ਦਈਏ ਕਿ ਦੇਰ ਰਾਤ ਤਜਿੰਦਰ ਬੱਗਾ ਵਲੋਂ ਹਾਈਕੋਰਟ 'ਚ ਤਤਕਾਲ ਪ੍ਰਭਾਵ ਨਾਲ ਲਗਾਈ ਗਈ ਪਟੀਸ਼ਨ 'ਤੇ ਸੁਣਵਾਈ ਹੋਈ। ਜਿਸ 'ਚ ਹਾਈਕੋਰਟ ਵਲੋਂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ 'ਤੇ 10 ਤਰੀਕ ਤੱਕ ਰੋਕ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਤਜਿੰਦਰ ਬੱਗਾ ਵਲੋਂ ਤਤਕਾਲ ਪ੍ਰਭਾਵ ਨਾਲ ਪਾਈ ਪਟੀਸ਼ਨ ਦੀ ਸੁਣਵਾਈ ਦੇਰ ਰਾਤ ਹਾਈਕੋਰਟ ਦੇ ਜੱਜ ਦੇ ਘਰ ਹੋਈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੂਬਾ ਸਰਕਾਰ ਵਲੋਂ ਕਿਹਾ ਹੈ ਕਿ ਉਹ 10 ਮਈ ਯਾਨੀ ਅੱਜ ਤੱਕ ਗੈਰ ਜ਼ਮਾਨਤੀ ਵਾਰੰਟ 'ਤੇ ਅਮਲ ਨਹੀਂ ਕਰਨਗੇ। ਹੁਣ 10 ਮਈ ਨੂੰ ਇਸ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਹਾਈਕੋਰਟ 'ਚ ਹੋਵੇਗੀ।
ਸ਼ਨੀਵਾਰ ਨੂੰ ਵੀ ਹਾਈਕੋਰਟ 'ਚ ਹੋਈ ਸੀ ਸੁਣਵਾਈ: ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ 2 ਅਰਜ਼ੀਆਂ ਦਾਇਰ ਕਰਕੇ ਕੇਂਦਰ ਅਤੇ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਧਿਰ ਬਣਾਉਣ ਦੀ ਮੰਗ ਕੀਤੀ ਸੀ। ਦੂਜਾ ਇਸ ਕੇਸ ਨਾਲ ਸਬੰਧਤ ਕੁਰੂਕਸ਼ੇਤਰ ਅਤੇ ਦਿੱਲੀ ਦੇ ਥਾਣਿਆਂ ਦੇ ਵਿਜ਼ੂਅਲ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਸੀ। ਉਥੇ ਹੀ ਪੰਜਾਬ ਪੁਲਿਸ ਨੇ ਸ਼ੁਕਰਵਾਰ ਨੂੰ ਇਸ ਮਾਮਲੇ ਵਿੱਚ ਆਪਣੀ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਅਤੇ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਜ਼ਿਕਰ ਸੀ, ਜਿਸ ਵਿੱਚ ਤਜਿੰਦਰ ਬੱਗਾ ਦਾ ਕੋਈ ਜ਼ਿਕਰ ਨਹੀਂ ਸੀ।
ਹਾਈਕੋਰਟ ਨੇ ਮੰਗੀ ਸੀ ਪੂਰੀ ਜਾਣਕਾਰੀ: ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਪਾਈ ਗਈ ਪਟਿਸ਼ਨ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ। ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਿੰਨਾਂ ਧਿਰਾਂ (ਦਿੱਲੀ, ਹਰਿਆਣਾ ਅਤੇ ਪੰਜਾਬ ਪੁਲਿਸ) ਤੋਂ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਸੀ। ਦਿੱਲੀ ਪੁਲਿਸ ਦੀ ਤਰਫੋਂ ਭਾਰਤ ਸਰਕਾਰ ਦੇ ਵਧੀਕ ਸਾਲਿਸਟਰ ਜਨਰਲ ਸਤਿਆਪਾਲ ਜੈਨ ਨੇ ਦੱਸਿਆ ਕਿ ਤੇਜਿੰਦਰਪਾਲ ਬੱਗਾ ਦੇ ਪਿਤਾ ਨੇ ਸ਼ੁੱਕਰਵਾਰ ਸਵੇਰੇ ਜਨਕਪੁਰੀ ਪੁਲਿਸ ਸਟੇਸ਼ਨ 'ਚ ਐਫ.ਆਈ.ਆਰ. ਦਰਜ ਕਰਵਾਈ ਹੈ।
ਪੰਜਾਬ ਪੁਲਿਸ ’ਤੇ ਲੱਗੇ ਇਲਜ਼ਾਮ: ਐਫਆਈਆਰ ਵਿੱਚ ਤਜਿੰਦਰਪਾਲ ਬੱਗਾ ਦੇ ਪਿਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਉਨ੍ਹਾਂ ਨੇ ਤਜਿੰਦਰਪਾਲ ਬੱਗਾ ਦੇ ਪਿਤਾ ਦੀ ਵੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਹ ਤਜਿੰਦਰ ਪਾਲ ਬੱਗਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਬੱਗਾ ਦੇ ਪਿਤਾ ਦੀ ਇਸ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਅਗਵਾ ਕਰਨ ਦੀ ਐੱਫ.ਆਈ.ਆਰ. ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਅਦਾਲਤ ਤੋਂ ਸਰਚ ਵਾਰੰਟ ਲਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਤੇਜਿੰਦਰਪਾਲ ਸਿੰਘ ਬੱਗਾ ਜਿੱਥੇ ਵੀ ਹੈ, ਉਸ ਨੂੰ ਬਰਾਮਦ ਕੀਤਾ ਜਾਵੇ।
ਬੱਗਾ ਨੂੰ ਦਿੱਲੀ ਪੁਲਿਸ ਲੈ ਗਈ ਸੀ ਵਾਪਸ: ਉਹ ਸਰਚ ਵਾਰੰਟ ਦਿੱਲੀ ਪੁਲਿਸ ਨੇ ਹਰਿਆਣਾ ਪੁਲਿਸ ਸਮੇਤ ਹੋਰ ਸੂਬਿਆਂ ਨੂੰ ਭੇਜੇ ਸਨ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ਦੇ ਕੋਲ ਉਨ੍ਹਾਂ ਸਰਚ ਵਾਰੰਟ ਨੂੰ ਅੰਜਾਮ ਦਿੰਦਿਆਂ ਪੰਜਾਬ ਪੁਲਿਸ ਨੂੰ ਰੋਕ ਲਿਆ ਅਤੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਤਜਿੰਦਰਪਾਲ ਬੱਗਾ ਨੂੰ ਵਾਪਸ ਦਿੱਲੀ ਲੈ ਗਈ। ਵਧੀਕ ਸਾਲਿਸਟਰ ਜਨਰਲ ਸਤਿਆਪਾਲ ਜੈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਿੱਲੀ ਪੁਲਿਸ ਨੇ ਪੰਜਾਬ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ।
ਇਹ ਸੀ ਮਾਮਲਾ: ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਬੱਗਾ ਨੂੰ ਦਿੱਲੀ ਦੇ ਜਨਕਪੁਰੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਸਿਟੀ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਹਰਿਆਣਾ ਤੋਂ ਰਾਜਧਾਨੀ ਵਾਪਸ ਲਿਆਂਦਾ ਕਿ ਪੰਜਾਬ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਬੱਗਾ ਦੀ ਸ਼ਿਕਾਇਤ 'ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਉਸ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਸਵੇਰੇ ਕਰੀਬ 8 ਵਜੇ ਕੁਝ ਲੋਕ ਉਸ ਦੇ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਕੇ ਨਾਲ ਲੈ ਗਏ ਹਨ।
ਪੰਜਾਬ ਪੁਲਿਸ ਵਲੋਂ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਰਿਆਣਾ ਦੇ ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਲਿਆ ਸੀ ਤੇ ਹਾਈ ਕੋਰਟ ਨੇ ਇਸ ਮਾਮਲੇ 'ਚ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਬੱਗਾ ਨੂੰ ਘਰ ਭੇਜ ਦਿੱਤਾ ਸੀ।
ਇਹ ਵੀ ਪੜੋ: ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ ਉੱਤੇ ਹਮਲਾ, ਹਾਈ ਅਲਰਟ 'ਤੇ ਪੰਜਾਬ, ਵੇਖੋ ਇਹ ਤਸਵੀਰਾਂ