ਚੰਡੀਗੜ੍ਹ: ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵੀ ਪੈਟਰੋਲ ਅਤੇ ਡੀਜ਼ਲ 2-2 ਰੁਪਏ ਮਹਿੰਗਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਨਵੀਆਂ ਕੀਮਤਾਂ ਮੰਗਲਵਾਰ ਤੋਂ ਲਾਗੂ ਹੋਣਗੀਆਂ। ਜਿੱਥੇ ਸੂਬਾ ਸਰਕਾਰਾਂ ਨੇ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਚ ਵਾਧਾ ਕੀਤਾ ਹੈ ਉੱਥੇ ਹੀ ਕੇਂਦਰ ਸਰਕਾਰ ਨੇ ਵੀ ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 13 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਆਬਕਾਰੀ ਟੈਕਸ ਲਾਇਆ ਹੈ।
ਇਸ ਤੋਂ ਪਹਿਲਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਸੀ। ਮੰਗਲਵਾਰ ਨੂੰ ਦਿੱਲੀ 'ਚ ਪੈਟਰੋਲ 'ਤੇ ਵੈਟ 'ਚ 27 ਫੀਸਦੀ ਅਤੇ ਡੀਜ਼ਲ 'ਤੇ 30 ਫੀਸਦੀ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ 'ਚ ਲੱਗੀ ਤਾਲਾਬੰਦੀ ਨੇ ਕੋਰੋਬਾਰੀ ਗਤੀਵਿਧੀਆਂ 'ਤੇ ਲਗਭਗ ਰੋਕ ਲਗਾ ਦਿੱਤੀ ਹੈ ਜਿਸ ਕਾਰਨ ਦੇਸ਼ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗੀ ਹੈ। ਦੇਸ਼ ਦੀ ਆਰਥਿਕ ਹਲਾਤਾਂ 'ਚ ਸੁਧਾਰ ਲਿਆਉਣ ਲਈ ਸਰਕਾਰਾਂ ਆਪੋ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ਾਂ ਕਰ ਰਹੀਆਂ ਹਨ। ਜਿਸ ਕਾਰਨ ਅਸਾਮ, ਨਾਗਾਲੈਂਡ ਅਤੇ ਦਿੱਲੀ ਤੋਂ ਬਾਅਦ ਸੂਬਾ ਸਰਕਾਰ ਨੇ ਵੀ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ।