ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਫੀ ਐਕਟਿਵ ਨਜਰ ਆ ਰਹੇ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੇ ਨਾਲ ਹੀ ਉਨ੍ਹਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ। ਇਸ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਰੀਬੀ ਪਰਗਟ ਸਿੰਘ ਨੂੰ ਪਾਰਟੀ ਚ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਉੱਥੇ ਹੀ ਉਨ੍ਹਾਂ ਨੇ ਆਪਣੇ ਚਾਰ ਸਲਾਹਕਾਰਾਂ ਦੇ ਨਾਲ-ਨਾਲ ਦੋ ਮੀਡੀਆ ਸਲਾਹਕਾਰ ਵੀ ਨਿਯੁਕਤ ਕਰ ਲਏ ਹਨ। ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਾਲ 11 ਮੈਂਬਰੀ ਟੀਮ ਬਣਾ ਲਈ ਹੈ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਆਪਣੀ ਟੀਮ ਦੀ ਹਰ ਇੱਕ ਚੀਜ਼ ਦਾ ਖਾਸ ਖਿਆਲ ਰੱਖ ਰਹੇ ਹਨ, ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਇਹ ਸਿਆਸੀ ਟੀਮ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਇਸ ਸਬੰਧ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਲਾਹਕਾਰੀ ਟੀਮ ਬਣਾਉਣ ਦਾ ਉਸ ਸਮੇਂ ਫਾਇਦਾ ਹੋਵੇਗਾ ਜਦੋ ਉਨ੍ਹਾਂ ਦੀ ਸੁਣੀ ਜਾਵੇ। ਜਦੋ ਬੋਲਣਾ ਹੀ ਸਿਰਫ ਨਵਜੋਤ ਸਿੰਘ ਸਿੱਧੂ ਨੇ ਹੈ ਤਾਂ ਕਿਸੇ ਦੀ ਗੱਲ ਨਹੀਂ ਸੁਣਨੀ ਤਾਂ ਅਜਿਹੀ ਟੀਮ ਦਾ ਕੀ ਫਾਇਦਾ।
ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਮਵੀਰ ਸਿੰਘ ਗੋਰਾਇਆ ਨੇ ਕਿਹਾ ਕਿ ਇਹ ਟੀਮ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸੀ ਕਿ ਉਹ ਉਨ੍ਹਾਂ ਨੂੰ ਪੂਰਾ ਕਰ ਪਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਮ ਸਰਕਾਰ ਨੇ ਕਰਨਾ ਹੈ ਪਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੀ ਸੁਣਦੇ ਨਹੀਂ ਹਨ।
ਭਾਜਪਾ ਆਗੂ ਸੁਖਪਾਲ ਸਰਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਟੀਮ ਬਣਾਉਣ ਦਾ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਦਿਮਾਗ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੀ ਬੋਤਲ ਚ ਨਵੀਂ ਸ਼ਰਾਬ ਪਾਉਣ ਦੀ ਕੋਸ਼ਿਸ਼ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੀ ਚਾਲਾਂ ਨੂੰ ਸਮਝ ਚੁੱਕੇ ਹਨ।
ਜਦਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਦੱਸਿਆ ਕਿ ਜੋ ਵੀ ਉਨ੍ਹਾਂ ਤੋਂ ਸਲਾਹ ਮੰਗੀ ਜਾਵੇਗੀ ਉਹ ਉਸ ਮੁੱਦੇ ’ਤੇ ਆਪਣੀ ਸਲਾਹ ਜਰੂਰ ਦੇਣਗੇ। ਚਾਹੇ ਪੰਜਾਬ ਦਾ ਕੋਈ ਵੀ ਮੁੱਦਾ ਕਿਉਂ ਨਾ ਹੋਵੇ। ਦੂਜੇ ਪਾਸੇ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡਲਾ ਨੇ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਕੰਮ ਕਰਨ ਦੀ ਗੱਲ ਆਖੀ ਹੈ।