ਚੰਡੀਗੜ੍ਹ: ਹਾਈਕੋਰਟ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹਾਈਕੋਰਟ ਵਲੋਂ ਸੈਕਟਰ 20 ਦੀ ਕੋਠੀ ਦੇ ਮਾਮਲੇ 'ਚ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਵਿਜੀਲੈਂਸ ਵਿਭਾਗ ਵਲੋਂ ਸੈਕਟਰ 20 ਦੀ ਕੋਠੀ ਦੇ ਮਾਮਲੇ 'ਚ ਸੁਮੇਧ ਸੈਣੀ 'ਤੇ ਜਾਅਲੀ ਕਾਗਜ਼ਾਤ ਦੇ ਨਾਲ ਧੋਖਾਧੜੀ ਦੇ ਇਲਜ਼ਾਮ ਲਗਾਏ ਸੀ।
ਵਿਜੀਲੈਂਸ ਵਿਭਾਗ ਵਲੋਂ ਸੁਮੇਧ ਸੈਣੀ ਦੇ ਖਿਲਾਫ਼ ਦੋ ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਸੀ ਅਤੇ ਹੁਣ ਦੋਵਾਂ ਮਾਮਲਿਆਂ 'ਚ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ।
ਇਸ ਮਾਮਲੇ 'ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ 16 ਅਪ੍ਰੈਲ ਨੂੰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ। ਇਸ ਪਟੀਸ਼ਨ ’ਤੇ ਪਹਿਲਾਂ ਸੁਣਵਾਈ 19 ਅਪ੍ਰੈਲ ਨੂੰ ਹੋਣੀ ਸੀ ਪਰ ਜੱਜ ਐਸ ਕੇ ਸਿੰਗਲਾ ਦੀ ਅਦਾਲਤ ਨੇ ਇਸ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਕਰਾਰ ਦਿੰਦਿਆਂ ਸੀਜੇਐਮ ਆਰਐਸ ਰਾਏ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 21 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ। 21 ਅਪ੍ਰੈਲ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਦੋਵਾਂ ਧਿਰਾਂ 'ਚ ਜ਼ਬਰਦਸਤ ਬਹਿਸ ਹੋਈ ਸੀ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਚੰਡੀਗੜ੍ਹ ਦੀ ਸੈਕਟਰ-20 ਸਥਿਤ ਕੋਠੀ ਸਬੰਧੀ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਜਦਕਿ ਉਹ ਪਹਿਲਾਂ ਹੀ ਦਰਜ ਹੋਏ ਕਈ ਮਾਮਲਿਆਂ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-20 ਸਥਿਤ ਕੋਠੀ ਮਾਮਲੇ ਸਬੰਧੀ ਵਿਜੀਲੈਂਸ ਵਿਭਾਗ ਵੱਲੋਂ ਜੋ ਦਸਤਾਵੇਜ਼ ਮੰਗੇ ਜਾ ਰਹੇ ਹਨ, ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਸੀ ਕਿ ਵਿਜੀਲੈਂਸ ਕੋਠੀ ਦੇ ਸਮਝੌਤੇ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਸਬੰਧੀ ਸੁਮੇਧ ਸੈਣੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਲਈ ਅਦਾਲਤ ਨੂੰ ਸੁਮੇਧ ਸਿੰਘ ਸੈਣੀ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਖਾਰਜ ਕਰਨ ਦੀ ਬੇਨਤੀ ਕੀਤੀ ਗਈ ਸੀ।
ਵਿਜੀਲੈਂਸ ਵੱਲੋਂ ਸੈਣੀ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਕੋਰਟ ਨੇ ਇਸ ਕੋਠੀ ਨੂੰ ਟੈਂਪਰੇਰੀ ਤੌਰ ‘ਤੇ ਅਟੈਚ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਵਿੱਚ ਸੈਣੀ ਮੌਜੂਦਾ ਸਮੇਂ ਵਿੱਚ ਰਹਿ ਰਹੇ ਹਨ। ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਇਹ ਦੱਸਿਆ ਸੀ ਕਿ ਪੂਰੇ ਮਾਮਲੇ ਦੀ ਜਾਂਚ ਸਟੇਟ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੀ ਸੀ। ਸੈਣੀ ਨੂੰ ਕੇਸ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਵਿਜੀਲੈਂਸ ਨੇ ਇਹ ਪ੍ਰਾਪਰਟੀ ਅਟੈਚ ਕਰਨ ਦੇ ਲਈ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।
ਵਿਜੀਲੈਂਸ ਦਾ ਇਲਜ਼ਾਮ ਸੀ ਕਿ ਉਸ ਸਮੇਂ ਦੀ ਪੰਜਾਬ ਸਰਕਾਰ ਦੇ ਐਕਸੀਅਨ ਨਿਰਮਿਤ ਦੀਪ ਸਿੰਘ ਨੇ ਆਪਣੇ ਪਿਤਾ ਦੇ ਨਾਮ ‘ਤੇ ਦੋ ਨੰਬਰ ਦੇ ਰੁਪਿਆਂ ਤੋਂ ਜਸਪਾਲ ਸਿੰਘ ਦੇ ਨਾਲ ਮਿਲ ਕੇ ਸੈਕਟਰ 20 ਦੀ ਇੱਕ ਕੋਠੀ ਖਰੀਦੀ ਸੀ, ਪਰ ਹਕੀਕਤ ਇਹ ਹੈ ਕਿ ਇਹ ਕੋਠੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਲਈ ਖ਼ਰੀਦੀ ਗਈ ਸੀ।
ਇਹ ਵੀ ਪੜ੍ਹੋ: ਮਾਈਨਿੰਗ ਮਾਮਲੇ ਨੂੰ ਲੈਕੇ ਬਠਿੰਡਾ ਵਿਚ ਕਿਸਾਨ ਯੂਨੀਅਨ ਅਤੇ ਆਪ ਵਰਕਰ ਆਹਮੋ ਸਾਹਮਣੇ