ਚੰਡੀਗੜ੍ਹ: ਸੂਬੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੇ 3 ਆਰਡੀਨੈਂਸਾਂ ਦੀ ਹਮਾਇਤ ਕਰਨ ਵਾਲੀ ਅਕਾਲੀ ਦਲ ਪਾਰਟੀ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਪੱਸ਼ਟੀਕਰਨ ਦੇਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਮਾਂ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਦੇਸ਼ 'ਚ ਹਰ ਲੜਾਈ ਅਕਾਲੀ ਦਲ ਨੇ ਲੜੀ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਲਈ ਮੰਡੀਕਰਨ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਹੀ ਕੀਤਾ ਗਿਆ ਸੀ।
ਅਕਾਲੀ ਦਲ ਵੱਲੋਂ ਕੀਤੇ ਗਏ ਕਿਸਾਨ ਪੱਖੀ ਕੰਮ ਗਿਣਵਾਉਂਦਿਆਂ ਸੁਖਬੀਰ ਨੇ ਕਿਹਾ ਕਿਸਾਨਾਂ ਲਈ ਟੀਯੂਬਵੈਲ ਦੇ ਬਿੱਲ ਵੀ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਸੀ, ਜਿਸ ਲਈ ਸਰਕਾਰ ਬਿਜਲੀ ਵਿਭਾਗ ਨੂੰ 7 ਕਰੋੜ ਰੁਪਏ ਜਮ੍ਹਾਂ ਕਰਵਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਕਿਸਾਨਾਂ ਦਾ ਹਰ ਸਾਲ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦਾ ਫਾਇਦਾ ਹੁੰਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਨਾ ਸਰਕਾਰ ਜ਼ਰੂਰੀ ਹੈ ਤੇ ਨਾ ਹੀ ਗਠਜੋੜ, ਅਕਾਲੀ ਦਲ ਲਈ ਕਿਸਾਨ ਸਭ ਤੋਂ ਜ਼ਰੂਰੀ ਹਨ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਸੁਖਬੀਰ ਬਾਦਲ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕੀ ਸੁਨੀਲ ਜਾਖੜ ਅਕਾਲੀ ਦਲ ਨੂੰ ਬਦਨਾਮ ਕਰ ਰਿਹਾ ਹੈ ਜਦ ਕਿ ਮੁੱਖ ਮੰਤਰੀ ਨੇ ਖ਼ੁਦ ਏਪੀਐਮਸੀ ਐਕਟ ਸੂਬੇ ਵਿੱਚ ਪਾਸ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਵੱਲੋਂ ਸੰਸਦ ਵਿੱਚ ਭਰੋਸਾ ਦਿੱਤਾ ਜਾਵੇਗਾ ਕਿ ਕਿਸਾਨਾਂ ਦੇ ਝੋਨੇ-ਕਣਕ ਤੇ ਐਮਐਸਪੀ ਨਹੀਂ ਖ਼ਤਮ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸੁਖਬੀਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਕੈਪਟਨ ਸਾਹਿਬ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ।