ਚੰਡੀਗੜ੍ਹ: ਕੈਪਟਨ ਦੀ ਸਰਕਾਰ ਘੁਟਾਲਿਆਂ ਵਿੱਚ ਘਿਰਦੀ ਜਾ ਰਹੀ ਹੈ। ਕੈਪਟਨ ਦੀ ਸਰਕਾਰ ਉੱਤੇ ਕੋਰੋਨਾ ਵੈਕਸੀਨ ਦੇ ਘਪਲੇ ਤੋਂ ਬਾਅਦ ਹੁਣ ਫਤਿਹ ਕਿੱਟਾ ਵਿੱਚ ਘੁਟਾਲਾ ਕਰਨ ਦਾ ਇਲਜ਼ਾਮ ਲੱਗਿਆ ਹੈ। ਫ਼ਤਿਹ ਕਿੱਟ ਘੁਟਾਲੇ ਵਿੱਚ ਕੈਪਟਨ ਸਰਕਾਰ ਉੱਤੇ ਇਲਜ਼ਾਮ ਲੱਗਿਆ ਹੈ ਕਿ ਉਨ੍ਹਾਂ ਨੇ ਫ਼ਤਿਹ ਕਿੱਟਾਂ ਨੂੰ ਮਹਿੰਗੇ ਦਾਮਾਂ ਉੱਤੇ ਖਰੀਦਿਆ ਹੈ।
ਹਾਈਕੋਰਟ ਨੇ ਖਾਰਿਜ ਕੀਤੀ ਜਨਹਿਤ ਪਟੀਸ਼ਨ
ਫ਼ਤਿਹ ਕਿੱਟ ਘੁਟਾਲਾ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨਕਰਤਾ ਵਕੀਲ ਵਿਸ਼ਾਲ ਅਗਰਵਾਲ ਨੇ ਜਨਹਿੱਤ ਪਟੀਸ਼ਨ ਪਾਈ ਸੀ ਜਿਸ ਨੂੰ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਸੀ। ਇਸ ਪਟੀਸ਼ਨ ਵਿੱਚ ਪਟੀਸ਼ਨਕਰਤਾ ਨੇ ਕਿਹਾ ਕਿ ਫਤਿਹ ਕਿੱਟ ਦਾ ਟੈਂਡਰ ਅਪ੍ਰੈਲ 2021 ਨੂੰ ਆਇਆ। ਸਭ ਤੋਂ ਪਹਿਲਾਂ ਟੈਂਡਰ ਵਿੱਚ ਸੰਗਮ ਮੈਡੀਕਲ ਸਟੋਰ ਨੇ 838 ਰੁਪਏ ਦੀ ਬੋਲੀ ਲਗਾ ਕੇ ਟੈਂਡਰ ਲਿਆ। ਸਰਕਾਰ ਨੇ 3 ਅਪ੍ਰੈਲ ਨੂੰ ਉਹ ਹੀ 16,668 ਫਤਿਹ ਕਿੱਟ 100 ਰੁਪਏ ਕਿੱਟ ਜਿਆਦਾ 940 ਰੁਪਏ ਵਿੱਚ ਖਰੀਦੀ। ਉਸ ਦੇ 15 ਦਿਨਾਂ ਬਾਅਦ ਇੱਕ ਨਵਾਂ ਟੈਂਡਰ ਜਾਰੀ ਕੀਤਾ ਗਿਆ। ਜਿਸ ਵਿੱਚ ਇਸ ਕਿੱਟ ਦੀ ਕੀਮਤ 1226 ਰੁਪਏ ਲਗਾਈ ਗਈ।
ਸਿਹਤ ਮੰਤਰੀ ਦਾ ਬਿਆਨ
ਫ਼ਤਿਹ ਕਿੱਟ ਘੁਟਾਲੇ ਉੱਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਤੀਕਿਰਿਆ ਦਿੱਤੀ ਕਿ ਕੇਸ ਕੋਰਟ ਵਿੱਚ ਹੈ ਕੋਰਟ ਵਿੱਚ ਹੀ ਜਵਾਬ ਦਵਾਂਗੇ।
ਕੈਪਟਨ 'ਤੇ ਆਪ ਨੇ ਸਾਧਿਆ ਨਿਸ਼ਾਨਾ
ਲੰਘੇ ਦਿਨੀਂ ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ(Bhagwant mann) ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ (Jarnail Singh) ਨੇ ਪ੍ਰੈਸ ਕਾਨਫਰੰਸ ਕੈਪਟਨ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਵੀ ਘੁਟਾਲੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਫ਼ਤਿਹ ਕਿੱਟਾਂ ਖਰੀਦਣ ਵਿੱਚ ਕਰੋੜਾਂ ਰੁਪਏ ਦਾ ਕਥਿਤ ਲੈਣ-ਦੇਣ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ‘ਆਫ਼ਤ ਨੂੰ ਅਵਸਰ’ ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿੱਥੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ, ਉੱਥੇ ਹੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ‘ਫ਼ਤਿਹ ਕਿੱਟ’ ਖ਼ਰੀਦਣ ਵਿੱਚ ਵੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫ਼ਤਿਹ ਕਿੱਟ 1338 ਰੁਪਏ ਵਿੱਚ ਖਰੀਦ ਕੇ ਸੂਬੇ ਦੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਹੈ।
ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਫ਼ਤਿਹ ਕਿੱਟ ਖਰੀਦਣ ਲਈ ਕੈਪਟਨ ਸਰਕਾਰ ਨੇ ਪਹਿਲਾਂ 3 ਅਪਰੈਲ ਨੂੰ ਟੈਂਡਰ ਮੁਕੰਮਲ ਕੀਤਾ ਸੀ, ਜਿਸ ਵਿੱਚ 837.78 ਰੁਪਏ ਪ੍ਰਤੀ ਕਿੱਟ ਦਾ ਮੁੱਲ ਤੈਅ ਕੀਤਾ ਗਿਆ ਸੀ। ਇਸ ਟੈਂਡਰ ਰਾਹੀਂ ਫ਼ਤਿਹ ਕਿੱਟਾਂ ਦੀ ਸਪਲਾਈ ਦੇਣ ਦਾ ਸਮਾਂ 6 ਮਹੀਨੇ ਤੈਅ ਕੀਤੇ ਗਏ ਸੀ। ‘ਆਪ’ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਇਸ ਸਸਤੇ ਟੈਂਡਰ ਦੀ ਥਾਂ 20 ਅਪਰੈਲ ਨੂੰ ਦੂਜੇ ਟੈਂਡਰ ਰਾਹੀਂ ਫ਼ਤਹਿ ਕਿੱਟ 1226.40 ਰੁਪਏ ਦੀ ਖਰੀਦਣ ਲਈ ਸਮਝੌਤਾ ਕੀਤਾ, ਜੋ ਕਿ ਪਹਿਲਾਂ ਮਿਲ ਰਹੀ ਕੀਮਤ ਤੋਂ ਬਹੁਤ ਜ਼ਿਆਦਾ ਸੀ। ਦੂਜੇ ਟੈਂਡਰ ਰਾਹੀਂ 1226.40 ਰੁਪਏ ਦੇ ਹਿਸਾਬ ਨਾਲ 50 ਹਜ਼ਾਰ ਫ਼ਤਹਿ ਕਿੱਟਾਂ ਖਰੀਦੀਆਂ ਗਈਆਂ, ਜਦਕਿ ਸਬੰਧਤ ਕੰਪਨੀ ਕੋਲ ਮੈਡੀਕਲ ਲਾਈਸੈਂਸ ਵੀ ਨਹੀਂ ਹੈ। 7 ਮਈ ਨੂੰ ਹੋਰ ਕਿੱਟਾਂ ਖਰੀਦਣ ਲਈ ਵੱਖਰੇ ਟੈਂਡਰ ਰਾਹੀਂ 1338 ਰੁਪਏ ਦੇ ਹਿਸਾਬ ਨਾਲ ਸਮਝੌਤਾ ਕੀਤਾ ਗਿਆ ਤੇ 1 ਲੱਖ 50 ਹਜ਼ਾਰ ਕਿੱਟਾਂ 1338 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖਰੀਦੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ।