ਚੰਡੀਗੜ੍ਹ: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈ ਅਣਕਿਆਸੀ ਸਥਿਤੀ 'ਤੇ ਡੂੰਘਾ ਦੁੱਖ ਤੇ ਗੁੱਸਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਪੱਤਰ ਲਿਖ ਕੇ ਸਿਆਸੀ ਅਤੇ ਖੇਤਰੀ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੀ ਸਹਿਮਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ,''ਭਾਵੇਂ ਦੇਸ਼ ਦੇ ਲੋਕਾਂ ਵਿੱਚ ਕੋਈ ਵੀ ਵਿਸ਼ਵਾਸ ਬਣਿਆ ਹੋਵੇ ਪਰ ਕੋਈ ਵੀ ਭਾਰਤੀ ਖਾਸ ਤੌਰ 'ਤੇ ਪੰਜਾਬੀ ਕੌਮੀ ਰਾਜਧਾਨੀ ਵਿੱਚ ਸਾਡੇ ਭਰਾਵਾਂ ਨਾਲ ਵਾਪਰ ਰਹੀ ਤਰਾਸਦੀ ਤੋਂ ਬਾਹਰ ਨਹੀਂ ਹੈ।'' ਮੁੱਖ ਮੰਤਰੀ ਨੇ ਆਪਣੇ ਬੱਚੇ ਅਤੇ ਪੋਤੇ-ਪੋਤੀਆਂ ਦੇ ਦਿੱਲੀ ਵਿੱਚ ਰਹਿੰਦੇ ਹੋਣ ਦਾ ਵੀ ਜ਼ਿਕਰ ਕੀਤਾ ਜੋ ਸ਼ਹਿਰ ਦੀ ਜ਼ਹਿਰੀਲੀ ਹਵਾ ਕਾਰਨ ਕੌਮੀ ਰਾਜਧਾਨੀ ਵਿੱਚ ਲੱਖਾਂ ਲੋਕਾਂ ਦੀ ਦੁਰਦਰਸ਼ਾ ਨੂੰ ਬਿਆਨਦੇ ਹਨ।
ਉਨ੍ਹਾਂ ਕਿਹਾ,''ਉਸ ਮੁਲਕ ਨੂੰ ਵਿਕਸਤ ਕਿਵੇਂ ਕਿਹਾ ਜਾ ਸਕਦਾ ਹੈ ਜਦੋਂ ਉਸ ਦੀ ਰਾਜਧਾਨੀ ਨੂੰ ਗੈਸ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ, ਉਹ ਵੀ ਜਦੋਂ ਅਜਿਹੇ ਹਾਲਾਤ ਕੁਦਰਤ ਆਫ਼ਤ ਕਰਕੇ ਨਹੀਂ ਸਗੋਂ ਮਨੁੱਖੀ ਗਲਤੀ ਨਾਲ ਪੈਦਾ ਹੋਏ ਹੋਣ।'' ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਦੁਖਦਾਇਕ ਸਥਿਤੀ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਤੋਂ ਹੱਥ ਧੋਣ ਦਾ ਕੋਈ ਇਰਾਦਾ ਨਹੀਂ ਹੈ ਪਰ ਦਿੱਲੀ ਅਤੇ ਕੇਂਦਰ ਸਰਕਾਰ ਸਮੇਤ ਸਮੁੱਚੇ ਮੁਲਕ ਨੇ ਵੱਖ-ਵੱਖ ਗਲਤੀਆਂ ਨਾਲ ਅਜਿਹੇ ਭਿਆਨਕ ਹਾਲਾਤ ਪੈਦਾ ਹੋਣ ਦੀ ਇਜਾਜ਼ਤ ਦੇ ਦਿੱਤੀ।
ਮੁੱਖ ਮੰਤਰੀ ਨੇ ਮੰਨਿਆ ਕਿ ਪਰਾਲੀ ਦੀ ਅੱਗ ਜੋ ਗਲਤ ਦਿਸ਼ਾ ਵਿੱਚ ਵਗਣ ਵਾਲੀਆਂ ਹਵਾਵਾਂ ਕਾਰਨ ਹਵਾ ਪ੍ਰਦੂਸ਼ਣ ਦੇ ਜ਼ਹਿਰੀਲਾ ਹੋਣ ਦਾ ਵੀ ਇਕ ਕਾਰਨ ਬਣੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਰਾਲੀ ਸਾੜਣ ਵਿਰੁੱਧ ਕਾਨੂੰਨ ਨੂੰ ਜਿੱਥੋਂ ਤੱਕ ਸੰਭਵ ਹੋਇਆ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਥੋਂ ਤੱਕ ਕਿ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ। ਉਨ੍ਹਾਂ ਕਿਹਾ,''ਹਾਲਾਂਕਿ ਇਹ ਮੇਰੇ ਜ਼ਮੀਰ ਦੇ ਵਿਰੁੱਧ ਹੈ ਕਿ ਉਸ ਭਾਈਚਾਰੇ ਨੂੰ ਸਜ਼ਾ ਦੇ ਰਹੇ ਹਾਂ ਜੋ ਬੇਸ਼ੁਕਰੇ ਮੁਲਕ ਦੇ ਹੱਥਾਂ ਵਿੱਚ ਦੁੱਖ ਸਹਾਰ ਚੁੱਕਿਆ ਹੋਵੇ ਅਤੇ ਹੁਣ ਵੀ ਸਹਾਰ ਰਿਹਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਆਪਣੇ ਪੱਧਰ 'ਤੇ ਜੋ ਕੁਝ ਕਰ ਸਕਦੇ ਹਨ, ਉਹ ਕਰ ਰਹੇ ਹਨ ਪਰ ਇਸ ਸਮੁੱਚੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਸ਼ੱਕੀ ਹੈ, ਭਾਵੇਂ ਕਿ ਕੌਮੀ ਖੁਸ਼ਹਾਲੀ ਵਿੱਚ ਸਭ ਤੋਂ ਵੱਡੀ ਭਾਈਵਾਲ ਵੀ ਕੇਂਦਰ ਸਰਕਾਰ ਹੀ ਹੈ।