ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ 2022 (Punjab Vidhan Sabha Election 2022) ਨੂੰ ਹੁਣ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ ਇਸ ਵਿਚਾਲੇ ਕਾਂਗਰਸ (Congress) ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ (Captain Amrinder Singh) ਜਿਨ੍ਹਾਂ ਨੂੰ ਪਾਰਟੀ ਦੇ ਨਾਲ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਤੋਂ ਵੱਖ ਕਰ ਲਿਆ ਹੈ। ਤੇ ਹੁਣ ਇਸੇ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਉਹ ਆਪਣੀ ਵੱਖਰੀ ਪਾਰਟੀ ਬਣਾਉਣ ਜਾ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਲਦੀ ਹੀ ਆਪਣੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰਨ ਜਾ ਰਹੇ ਹਨ। ਸੂਤਰਾਂ ਅਨੁਸਾਰ ਕੈਪਟਨ ਦੀ ਨਵੀਂ ਪਾਰਟੀ ਦਾ ਨਾਂ 'ਪੰਜਾਬ ਵਿਕਾਸ ਪਾਰਟੀ' ਹੋਵੇਗਾ।
ਲੰਘੇ ਦਿਨ ਅਮਿਤ ਸ਼ਾਹ ਨਾਲ ਕੈਪਟਨ ਦੀ ਹੋਈ ਮੁਲਾਕਾਤ
ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੇ ਕਿਆਸੇ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਈ ਜਾਵੇਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਿੱਲੀ ਦੌਰੇ ਸਮੇਂ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਸਬੰਧੀ ਉਨ੍ਹਾਂ ਨੇ ਦੱਸਿਆ ਸੀ ਕਿ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ। ਇਸ ਦੌਰਾਨ ਖੇਤੀ ਕਾਨੂੰਨਾਂ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਚਰਚਾ ਕੀਤੀ ਅਤੇ ਅਪੀਲ ਕੀਤੀ ਕਿ ਇਨ੍ਹਾਂ ਕਾਨੂੰਨਾਂ ਨੂੰ ਛੇਤੀ ਹੀ ਵਾਪਸ ਲੈ ਕੇ ਮਸਲੇ ਨੂੰ ਸੁਲਝਾਇਆ ਜਾਵੇ ਤੇ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਲਈ ਵੀ ਮਦਦ ਕੀਤੀ ਜਾਵੇ।
'ਕੈਪਟਨ ਸਿਆਣੇ ਨੇਤਾ ਉਹ ਆਪਣੀ ਸਾਖ਼ ਨਹੀਂ ਵਿਗਾੜਣਗੇ'
ਇਨ੍ਹਾਂ ਕਿਆਸਾਂ ਦੌਰਾਨ ਇਸ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਕੈਪਟਨ ਸਿਆਣੇ ਨੇਤਾ ਹਨ ਉਨ੍ਹਾਂ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਉਨ੍ਹਾਂ ਦੀ ਸਾਖ਼ ਖਰਾਬ ਹੋਵੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕੱਦਾਵਰ ਨੇਤਾ ਹਨ ਅਤੇ ਉਹ ਜੋ ਵੀ ਫੈਸਲਾ ਲੈਣਗੇ ਸੋਚ ਸਮਝ ਕੇ ਹੀ ਲੈਣਗੇ।ਉਨ੍ਹਾਂ ਨੇ ਕਿਹਾ ਕਿ ਕੁਲਦੀਪ ਵੈਦ ਨੇ ਇਹ ਬਿਆਨ ਦਿੱਤਾ ਹੈ ਤਾਂ ਉਹ ਆਪ ਵੀ ਇਸ ਪਾਰਟੀ ਵਿਚ ਸ਼ਾਮਿਲ ਹੋ ਜਾਣ।
ਨਾਂ ਲਏ ਬਿਨਾਂ ਕੁਲਦੀਪ ਵੈਦ ਨੇ ਕਿਹਾ ਕਿ ਪੰਜਾਬ 'ਚ ਬਣੇਗੀ ਨਵੀਂ ਪਾਰਟੀ
ਕੁਲਦੀਪ ਵੈਦ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਉਹ ਬਿਨਾਂ ਨਾਂ ਲਏ ਇਹ ਦਾਅਵਾ ਕਰ ਰਹੇ ਹਨ ਕਿ ਇੱਕ ਨਵੀਂ ਪਾਰਟੀ ਬਣੇਗੀ, ਜਿਸ ਦੇ ਸਿਆਸੀ ਸਮੀਕਰਨ ਕਿਸੇ ਹੋਰ ਪਾਰਟੀ ਦੇ ਨਾਲ ਮਿਲੇ ਹੋਣਗੇ। ਇਸ ਤੋਂ ਬਾਅਦ ਜਦੋ ਉਨ੍ਹਾਂ ਕੋਲੋਂ ਇਹ ਸਵਾਲ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਈ ਸਮਰਥਕ ਹਨ ਅਤੇ ਕਈ ਵਿਧਾਇਕ ਉਨ੍ਹਾਂ ਦੇ ਨਾਲ ਅਜੇ ਵੀ ਹਨ ਤਾਂ ਵਿਧਾਇਕ ਵੈਦ ਨੇ ਕਿਹਾ ਕਿ ਇਹ ਹਰ ਕਿਸੇ ਦੀ ਆਪਣੀ ਨਿੱਜੀ ਸੋਚ ਹੈ।
ਦੱਸਣਯੋਗ ਹੈ ਕਿ ਕਾਂਗਰਸ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ, ਜਿਸ ਤੋਂ ਬਾਅਦ ਕੈਪਟਨ ਨੇ ਵੀ ਮੋੜਵਾਂ ਜਵਾਬ ਦਿੱਤਾ।
ਇਹ ਵੀ ਪੜ੍ਹੋ- ਲੁਧਿਆਣਾ ’ਚ PM ਮੋਦੀ ਦੇ ਪੋਸਟਰ ’ਤੇ ਲਗਾਈ ਕਾਲਖ, ਬੀਜੇਪੀ ਆਗੂ ਭੜਕੇ