ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਦਸੰਬਰ ਤੋਂ ਆਪਣੇ 2 ਦਿਨਾਂ ਦੌਰੇ ’ਤੇ ਪੰਜਾਬ ਆਉਣਗੇ। ਇਸ ਦੌਰਾਨ ਅਰਵਿੰਦ ਕੇਜਰੀਵਾਲ ਜਿੱਥੇ ਜਲੰਧਰ ’ਚ ਇੱਕ ਤਿਰੰਗਾ ਮਾਰਚ ਦੀ ਅਗਵਾਈ ਕਰਨਗੇ, ਉੱਥੇ ਹੀ ਦੂਜੇ ਦਿਨ ਲੰਬੀ ਹਲਕੇ ’ਚ ਬਾਦਲ ਪਰਿਵਾਰ ਨੂੰ ਲਲਕਾਰ ਦੇਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਸੁਪਰੀਮੋ 15 ਦਸੰਬਰ ਨੂੰ ਪੰਜਾਬ ਦੌਰੇ ’ਤੇ ਆਉਣਗੇ। ਪਹਿਲੇ ਦਿਨ ਬੁੱਧਵਾਰ ਨੂੰ ਕੇਜਰੀਵਾਲ ਜਲੰਧਰ ਵਿਖੇ ਪਾਰਟੀ ਵੱਲੋਂ ਰੱਖੇ ਗਏ ‘ਤਿਰੰਗਾ ਯਾਤਰਾ’ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਹ ਤਿਰੰਗਾ ਯਾਤਰਾ ਜਲੰਧਰ ਦੇ ਕਾਰਪੋਰੇਸ਼ਨ ਚੌਂਕ ਵਿੱਚੋਂ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਵੱਖ- ਵੱਖ ਬਾਜ਼ਾਰਾਂ ਰਾਹੀਂ ਸ਼ਹਿਰ ਭਰ ਮਾਰਚ ਕਰੇਗੀ।
ਇਸ ਤੋਂ ਇਲਾਵਾਂ ਭਗਵੰਤ ਮਾਨ ਨੇ ਇਸ ਯਾਤਰਾ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਟਵੀਟ ਵੀ ਸ਼ੋਸਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜਿਸ ’ਚ ਕੇਜਰੀਵਾਲ ਨੇ ਕਿਹਾ, ‘‘ਕੱਲ੍ਹ ਬੁੱਧਵਾਰ ਨੂੂੰ ਜਲੰਧਰ ਵਿੱਚ ਤਿਰੰਗਾ ਯਾਤਰਾ ’ਚ ਸ਼ਾਮਲ ਹੋਵਾਂਗਾ। ਸਾਰੇ ਜਲੰਧਰ ਵਾਸੀਆਂ ਨੂੰ ਅਪੀਲ ਹੈ, ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਆਉਣ ਹੱਥਾਂ ਵਿੱਚ ਤਿਰੰਗਾ ਅਤੇ ਮੂੰਹ ’ਚ ‘ਭਾਰਤ ਮਾਤਾ ਦੀ ਜੈ’ ਨਾਲ ਦੇਸ਼ ਭਗਤੀ ਦੇ ਮਾਹੌਲ ਵਿੱਚ ਜਲੰਧਰ ਦੀਆਂ ਸੜਕਾਂ ’ਤੇ ਤਿਰੰਗਾ ਯਾਤਰਾ ਨਿਕਲੇਗੀ।
ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਅਰਵਿੰਦ ਕੇਜਰੀਵਾਲ 16 ਦਸੰਬਰ ਨੂੰ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚਣਗੇ ਅਤੇ ਇਸ ਹਲਕੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਬਾਦਲ ਪਰਿਵਾਰ ਨੂੰ ਲਲਕਾਰ ਦੇਣਗੇ।
ਇਹ ਵੀ ਪੜੋ:- ਆਪ ਵੱਲੋਂ ਲੁਧਿਆਣਾ ਤੋਂ ਐਲਾਨੇ ਚਾਰ ਉਮੀਦਵਾਰ ਹੋਰ ਪਾਰਟੀਆਂ ਛੱਡ ਕੇ ਹੋਏ ਆਪ 'ਚ ਸ਼ਾਮਿਲ