ਪੰਜਾਬ ਦੀ ਰਾਜਨੀਤੀ 'ਚ ਸਾਲ 2017 ਵਿੱਚ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ, ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦਿਆਂ ਇਸ ਵਾਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਕੋਈ ਸਿੱਖ ਹੀ ਹੋਵੇਗਾ। ਉਸ ਸਮੇਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਉਮੀਦਾਂ ਸੀ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਹੀ ਚੁਣਨਗੇ। ਜਿਸ ਦਾ ਕਾਰਨ ਸੀ ਇੱਕ ਤਾਂ ਨਵੀਂ ਪਾਰਟੀ, ਦੂਜਾ ਕਾਂਗਰਸ ਅਤੇ ਅਕਾਲੀ ਦਲ ਦੀ ਇਨਕੰਬੈਂਸੀ, ਪਰ ਨਤੀਜਾ ਕੁਝ ਹੋਰ ਹੀ ਨਿਕਲਿਆ ਅਤੇ ਆਮ ਆਦਮੀ ਪਾਰਟੀ ਦੇ ਸਿਰਫ 20 ਵਿਧਾਇਕ ਹੀ ਚੋਣਾਂ ਜਿੱਤ ਸਕੇ ਪਰ ਮੁੱਖ ਵਿਰੋਧੀ ਧਿਰ ਬਣ ਕੇ ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ। ਚੋਣਾਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਤੱਕ ਛੇ ਤੋਂ ਸੱਤ ਵਾਰ ਹੀ ਪੰਜਾਬ ਦੌਰੇ ਤੇ ਆਏ ਹਨ,ਪਰ ਪਿਛਲੇ ਦਿਨੀਂ ਅੰਮ੍ਰਿਤਸਰ ਦੌਰਾ ਖ਼ਾਸ ਰਿਹਾ ਕਿਉਂਕਿ ਉਸ ਵਿੱਚ ਉਨ੍ਹਾਂ ਨੇ ਕਾਫੀ ਕੁਝ ਐਲਾਨਿਆ।
ਸਮੇਂ ਸਮੇਂ ਤੇ ਚੁੱਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਦੇ :ਬਲਜਿੰਦਰ ਕੌਰ
ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵਾਅਦੇ ਪੂਰੇ ਨਹੀਂ ਕੀਤੇ। ਬਲਜਿੰਦਰ ਕੌਰ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਵਲੋਂ ਸਮੇਂ-ਸਮੇਂ 'ਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਵਿਧਾਨ ਸਭਾ ਹੋਵੇ ਜਾਂ ਲੋਕਾਂ ਦੇ ਮੁੱਦੇ ਹੋਣ ਉਨ੍ਹਾਂ ਵਲੋਂ ਲੋਕਾਂ ਦੀ ਅਵਾਜ ਚੁੱਕਦਿਆਂ ਧਰਨੇ ਵੀ ਦਿੱਤੇ ਜਾ ਰਹੇ ਹਨ, ਤਾਂ ਜੋ ਹਾਲੇ ਵੀ ਪੰਜਾਬ ਸਰਕਾਰ ਜਾਗ ਜਾਵੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੱਤਾ 'ਚ ਝੂਠੇ ਵਾਅਦੇ ਕਰ ਕੇ ਆਏ ਸੀ ਅਤੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਕਾਂਗਰਸ ਜੇਕਰ ਦੁਬਾਰਾ ਆਉਂਦੀ ਹੈ ਤਾਂ ਉਹ ਕੋਈ ਵੀ ਆਪਣਾ ਵਾਅਦਾ ਪੂਰਾ ਨਹੀਂ ਕਰੇਗੀ।
ਆਮ ਆਦਮੀ ਪਾਰਟੀ ਦੇ ਚੋਣ ਵਾਅਦੇ
ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਪਹਿਲਾਂ ਚੋਣਾਂ ਲੜਨ ਦਾ ਫ਼ੈਸਲਾ ਪੰਜਾਬ ਤੋਂ ਕੀਤਾ। ਇਨ੍ਹਾਂ ਚੋਣਾਂ 'ਚ ਪਾਰਟੀ ਸੱਤਾ ਵਿੱਚ ਤਾਂ ਨਹੀਂ ਆਈ, ਪਰ ਉਨ੍ਹਾਂ ਦੇ ਵੀਹ ਵਿਧਾਇਕ ਜ਼ਰੂਰ ਜਿੱਤ ਹਾਸਲ ਕਰ ਸਕੇ। 'ਆਪ' ਦਾ ਜੋ ਘੋਸ਼ਣਾ ਪੱਤਰ ਸੀ, ਉਸ 'ਚ ਸਭ ਤੋਂ ਅਹਿਮ ਸੀ, ਡਰੱਗ ਫਰੀ ਪੰਜਾਬ, ਬਜ਼ੁਰਗਾਂ ਦੀ ਪੈਨਸ਼ਨ ਨੂੰ ਵਧਾਉਣਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ। ਹੁਣ ਮੁੜ ਤੋਂ ਅਗਲੇ ਸਾਲ 2022 ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ, ਅਜਿਹੇ ਵਿੱਚ ਅਰਵਿੰਦ ਕੇਜਰੀਵਾਲ ਨੇ ਹੁਣ ਤੋਂ ਹੀ ਘੋਸ਼ਣਾਵਾਂ ਕਰਨੀਆਂ ਸ਼ੁਰੂ ਕਰ ਦਿੱਤੀ ਹਨ। ਸਭ ਤੋਂ ਪਹਿਲੀ ਤੇ ਅਹਿਮ ਉਨ੍ਹਾਂ ਨੇ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਲਈ ਸਿੱਖ ਚਿਹਰੇ ਰਾਜਨੀਤਿਕ ਪੱਤਾ ਖੇਡਿਆ ਹੈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੌਣ ਹੋਵੇਗਾ ਇਸ ਸਬੰਧੀ ਸਾਰੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਕੇ ਹੀ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਿਲਾਵਾਂ ਲਈ ਵੀ ਕਈ ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ। ਹੁਣ ਅਰਵਿੰਦ ਕੇਜਰੀਵਾਲ ਨੇ ਆਪਣੇ ਚੰਡੀਗੜ੍ਹ ਦੌਰੇ 'ਚ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਥਿਤੀ
ਆਮ ਆਦਮੀ ਪਾਰਟੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਵੀਹ ਵਿਧਾਇਕ ਅਤੇ ਇੱਕ ਲੋਕ ਸਭਾ ਮੈਂਬਰ ਹਨ। ਜਿਨ੍ਹਾਂ ਵਿਚੋਂ ਪ੍ਰਭਾਵਸ਼ਾਲੀ ਚਿਹਰੇ ਦੀ ਗੱਲ ਕੀਤੀ ਜਾਏ ਤਾਂ ਉਹ ਸਿਰਫ਼ ਭਗਵੰਤ ਮਾਨ ਦਾ ਹੀ ਨਜ਼ਰ ਆਉਂਦਾ ਹੈ। ਹਾਲਾਂਕਿ ਪਿਛਲੀ ਵਾਰ ਪਾਰਟੀ ਨੇ ਜੋ ਗਲਤੀਆਂ ਕੀਤੀ ਸੀ, ਉਹ ਗਲਤੀਆਂ ਹੁਣ ਪਾਰਟੀ ਨਹੀਂ ਕਰਨਾ ਚਾਹੁੰਦੀ। ਜਿਸ 'ਚ ਪਿਛਲੀ ਵਾਰ ਚੋਣਾਂ ਲੜਨ ਸਮੇਂ 'ਆਪ' ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਸੀ। ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਨਾਮ 'ਤੇ ਹੀ ਚੋਣਾਂ ਲੜੀਆਂ ਗਈਆਂ ਸੀ। ਇਸ ਤੋਂ ਬਾਅਦ ਦੂਜਾ ਕਾਰਨ ਮੌੜ ਮੰਡੀ ਬਲਾਸਟ ਜਿਥੇ ਆਮ ਆਦਮੀ ਪਾਰਟੀ ਦਾ ਨਾਮ ਜੁੜਿਆ ਸੀ। ਭਾਵੇਂ ਬਾਅਦ 'ਚ ਇਹ ਸਾਹਮਣੇ ਆਇਆ ਕਿ ਇਸ ਪਿੱਛੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਹੱਥ ਹੈ, ਪਰ ਉਦੋਂ ਤੱਕ ਕਾਫ਼ੀ ਜ਼ਿਆਦਾ ਨੁਕਸਾਨ ਪਾਰਟੀ ਨੂੰ ਹੋ ਚੁੱਕਿਆ ਸੀ। ਇਸ ਦੇ ਚੱਲਦਿਆਂ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ ਉਹ ਗਲਤੀਆਂ ਦੁਬਾਰਾ ਨਹੀਂ ਕਰਨਾ ਚਾਹੇਗੀ।
ਪੰਜਾਬ ਨੂੰ ਕਿਹੜਾ ਮਾਡਲ ਚਾਹੀਦਾ ਹੈ ?
ਅਰਵਿੰਦ ਕੇਜਰੀਵਾਲ ਹਮੇਸ਼ਾ ਤੋਂ ਇਹੀ ਕਹਿੰਦੇ ਆਏ ਕਿ ਉਹ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਵੀ ਲੈਕੇ ਆਉਣਾ ਚਾਹੁੰਦੇ ਹਨ ਪਰ ਹੋਰ ਪਾਰਟੀਆਂ ਵੱਲੋਂ ਹਮੇਸ਼ਾ ਇਹੀ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਚੋਣਾਂ ਸਮੇਂ ਪੰਜਾਬ ਦੇ ਹੋ ਜਾਂਦੇ ਅਤੇ ਜਦ ਕਿ ਦਿੱਲੀ ਜਾ ਕੇ ਦਿੱਲੀ ਦੇ ਹੋ ਕੇ ਰਹਿ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਨਹੀਂ ਬਲਕਿ ਪੰਜਾਬ ਮਾਡਲ ਦੀ ਹੀ ਲੋੜ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਲੋਕ ਕੀ ਚਾਹੁੰਦੇ ਇਹ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਹੀ ਪਤਾ ਚੱਲੇਗਾ।
ਚੋਣਾਂ 'ਚ ਕੀ ਰਹੇਗਾ ਖਾਸ ?
ਇਸ ਵਾਰ ਪੰਜਾਬ ਦੀ ਰਾਜਨੀਤੀ 'ਚ ਹੁਣ ਤੋਂ ਹੀ ਕਾਫ਼ੀ ਜ਼ਿਆਦਾ ਸਿਆਸੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਜਦ ਕਿ ਹਾਲੇ ਤੱਕ ਤਾਂ 2022 ਦੀ ਚੋਣਾਂ ਦੀ ਤਰੀਕਾਂ ਦਾ ਐਲਾਨ ਤੱਕ ਨਹੀਂ ਕੀਤਾ ਗਿਆ ਹੈ। ਇਹ ਚੋਣਾਂ ਕਾਫ਼ੀ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰੇਗੀ। ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਪ੍ਰਭਾਵ ਇਨ੍ਹਾਂ ਚੋਣਾਂ 'ਤੇ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸਕਾਲਰਸ਼ਿਪ ਘੁਟਾਲਾ, ਬਰਗਾੜੀ ਬੇਅਦਬੀ 'ਚ ਇਨਸਾਫ਼ ਦੀ ਉਡੀਕ, ਬੇਰੁਜ਼ਗਾਰਾਂ ਨੂੰ ਨੌਕਰੀਆਂ, ਅਧਿਆਪਕਾਂ ਦਾ ਪ੍ਰਦਰਸ਼ਨ, ਕੱਚੇ ਮੁਲਾਜ਼ਮ ਜਿਹੜੇ ਪੱਕੇ ਹੋਣ ਦੀ ਉਮੀਦ ਕਰ ਰਹੇ ਹਨ। ਇਸ ਦੇ ਨਾਲ ਹੀ ਰੇਤ ਮਾਫ਼ੀਆ, ਸ਼ਰਾਬ ਮਾਫੀਆ, ਨਸ਼ਾ ਅਜਿਹੇ ਕਈ ਅਹਿਮ ਮੁੱਦੇ ਹਨ, ਜਿਸ 'ਤੇ ਲੋਕੀਂ ਕੰਮ ਕਰਦੇ ਦੇਖਣਾ ਚਾਹੁੰਦੇ ਅਤੇ ਮੌਜੂਦਾ ਸਰਕਾਰ ਤੋਂ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਵਿੱਚੋਂ ਕੋਈ ਰਾਹਤ ਨਹੀਂ ਮਿਲੀ ਹੈ।
'ਆਪ' ਦੀ ਸਰਗਰਮੀ
ਇੱਕ ਪਾਸੇ ਕਾਂਗਰਸ 'ਚ ਕਾਫੀ ਜ਼ਿਆਦਾ ਕਲੇਸ਼ ਚੱਲ ਰਿਹਾ ਹੈ ਅਤੇ ਵਿਧਾਇਕ ਮੰਤਰੀ ਆਪਸ 'ਚ ਕੁਰਸੀ ਦੀ ਲੜਾਈ ਲੜ ਰਹੇ ਹਨ। ਇਸ ਸਮੇਂ ਪਾਰਟੀ ਨੂੰ ਇਕਜੁੱਟ ਕਰਨ ਲਈ ਕੈਪਟਨ ਅਮਰਿੰਦਰ ਸਿੰਘ 'ਤੇ ਕਾਫੀ ਜ਼ਿੰਮੇਵਾਰੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਸਾਰੇ ਰਾਹ ਖੁੱਲ੍ਹ ਗਏ ਹਨ, ਉਨ੍ਹਾਂ ਦੇ ਲਈ ਵੀ ਰਸਤਾ ਆਸਾਨ ਨਹੀਂ ਹੈ। ਆਮ ਆਦਮੀ ਪਾਰਟੀ ਵਲੋਂ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ 'ਚ ਭਾਵੇਂ ਕੋਈ ਵੀ ਅੰਦੋਲਨ ਹੋਵੇ, ਪਾਰਟੀ ਸਾਰਿਆਂ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਭਾਵੇਂ ਉਹ ਅਧਿਆਪਕ ਹੋਣ ਜਾਂ ਪੈਰਾ ਓਲੰਪਿਕ ਖਿਡਾਰੀ, 'ਆਪ' ਵਲੋਂ ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਚੋਣਾਂ ਨਜ਼ਦੀਕ ਆਉਂਦੇ ਹੀ ਪਾਰਟੀ ਨੇ ਸੰਕੇਤਕ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਜਾਂ ਕਾਂਗਰਸੀ ਮੰਤਰੀਆਂ ਦੇ ਘਰਾਂ ਦੇ ਬਾਹਰ 'ਆਪ' ਹਰ ਜਗ੍ਹਾ ਆਪਣੀ ਮੌਜੂਦਗੀ ਦਿਖਾ ਰਹੀ ਹੈ। ਕਿਸਾਨੀ ਅੰਦੋਲਨ ਦਾ ਵੀ ਖੁੱਲ੍ਹ ਕੇ ਆਮ ਆਦਮੀ ਪਾਰਟੀ ਵਲੋਂ ਸਮਰਥਨ ਕੀਤਾ ਗਿਆ ਅਤੇ ਵਾਰ ਵਾਰ ਇਹੀ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਹਾਲਾਂਕਿ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਲੋਕਾਂ ਦੇ ਮਨ 'ਚ ਆਮ ਆਦਮੀ ਪਾਰਟੀ ਕਿੰਨੀ ਜਗ੍ਹਾ ਬਣਾ ਪਾਈ ਹੈ।
ਇਹ ਵੀ ਪੜ੍ਹੋ:LIVE UPDATE: ਪੜ੍ਹੋ, ਕੇਜਰੀਵਾਲ ਦੇ ਪੰਜਾਬ ਲਈ 3 ਵੱਡੇ ਐਲਾਨ