ਬਠਿੰਡਾ : ਸ਼ਹਿਰ ਦੇ ਬਾਦਲ ਰੋਡ ਉੱਤੇ ਧੀ ਰਾਣੀ ਚੌਕ ਵਿੱਚ ਇੱਕ ਟਰੱਕ ਡਰਾਈਵਰ ਦੇ ਕਤਲ ਹੋਣ ਦੀ ਖ਼ਬਰ ਹੈ। ਤਿਉਹਾਰ ਦੇ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਛੂਹ ਰਹੀਆਂ ਹਨ। ਅਜਿਹੇ ਵਿੱਚ ਪਿਆਜ਼ ਨਾਲ ਲੱਦੇ ਇੱਕ ਟਰੱਕ ਨੂੰ ਲੁੱਟਣ ਦੀ ਨੀਅਤ ਨਾਲ ਕੁਝ ਅਣਪਛਾਤੇ ਲੋਕਾਂ ਨੇ ਟਰੱਕ ਚਾਲਕ ਦਾ ਕਤਲ ਕਰ ਦਿੱਤਾ। ਇਹ ਟਰੱਕ ਸਵੇਰ ਤੋਂ ਬਾਦਲ ਫਲਾਈਵਰ ਕੋਲੋਂ ਲੰਘ ਰਿਹਾ ਸੀ ਤਾਂ ਕਿਸੇ ਨੇ ਟਰੱਕ ਚਾਲਕ ਬਨਵਾਰੀ ਲਾਲ 'ਤੇ ਹਮਲਾ ਕਰ ਦਿੱਤਾ। ਸ਼ੱਕ ਹੈ ਕਿ ਹਮਲਾਵਰ ਵੀ ਟਰੱਕ 'ਚ ਹੀ ਸਵਾਰ ਸਨ।
ਜ਼ਖ਼ਮੀ ਹਾਲਤ ਵਿੱਚ ਟਰੱਕ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਆਉਂਦਿਆਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵੇਲੇ ਮੌਕੇ 'ਤੇ ਮੌਜੂਦ ਦੂਜੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲਿਆ ਹੈ। ਟਰੱਕ ਵਿੱਚ ਲੱਦੇ ਇਹ ਪਿਆਜ਼ ਨਾਸਿਕ ਤੋਂ ਬਠਿੰਡਾ ਲਈ ਆਏ ਸੀ।
ਇਸ ਕਤਲ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਕਨਾਲ ਦੇ ਐੱਸਐਚਓ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਟਰੱਕ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਮ੍ਰਿਤਕ ਡਰਾਈਵਰ ਦੀ ਲਾਸ਼ ਮਿਲੀ ਅਤੇ ਮੌਕ 'ਤੇ ਉਨ੍ਹਾਂ ਨੂੰ ਟਰੱਕ ਦੇ ਅਗਲੇ ਹਿੱਸੇ ਚੋਂ 12 ਬੋਰ ਦੀ ਰਾਈਫਲ ਤੋਂ ਚੱਲਿਆ ਇੱਕ ਕਾਰਤੂਸ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਟਰੱਕ ਮਾਲਿਕ ਦੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁੱਟੇਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।