ਅੰਮ੍ਰਿਤਸਰ: ਸੂਬੇ ਭਰ ਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜਾ ਮਾਮਲਾ ਅਜਨਾਲਾ ਦੇ ਪਿੰਡ ਰਿਆੜ ਤੋਂ ਸਾਹਮਣੇ ਆਇਆ ਹੈ ਜਿੱਥੇ ਬੇਖੌਫ ਚੋਰਾਂ ਨੇ ਇੱਕ ਘਰ ਅਤੇ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਘਰ ਅਤੇ ਦੁਕਾਨ ਚ ਰੱਖੀ ਨਕਦੀ ਅਤੇ ਗਹਿਣਿਆਂ ਤੋਂ ਇਲਾਵਾ ਦੁਕਾਨ ਚ ਰੱਖਿਆ ਸਾਬਣ ਪੇਸਟ ਅਤੇ ਤੇਲ ਤੱਕ ਚੁੱਕ ਕੇ ਲੈ ਗਏ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸ਼ਨੀਵਾਰ ਬਾਹਰ ਗਏ ਸੀ ਅਤੇ ਜਦ ਐਤਵਾਰ ਨੂੰ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਵਿਚ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਮਰੇ ਚ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਅਲਮਾਰੀ ਨੂੰ ਤੋੜ ਕੇ ਸੋਨੇ ਦੇ ਗਹਿਣੇ, ਪੈਸੇ ਆਦਿ ਸਾਮਾਨ ਨਾਲ ਲੈ ਕੇ ਫਰਾਰ ਹੋ ਗਏ।
ਪੀੜਤ ਨੇ ਅੱਗੇ ਦੱਸਿਆ ਕਿ ਚੋਰ ਇੰਨ੍ਹੇ ਜਿਆਦਾ ਸ਼ਾਤਿਰ ਸੀ ਕਿ ਦੁਕਾਨ ਚ ਪਿਆ ਪੇਸਟ, ਸਾਬਣ ਅਤੇ ਤੇਲ ਵੀ ਲੈ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗਹਿਣ, ਪੈਸੇ ਸਾਮਾਨ ਆਦਿ ਨੂੰ ਮਿਲਾ ਕੇ ਉਨ੍ਹਾਂ ਦਾ ਤਕਰੀਬਨ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਚੋਰ ਕੋਠੇ ਦੇ ਰਸਤੇ ਰਾਹੀਂ ਘਰ ਤੇ ਦੁਕਾਨ ਚ ਦਾਖਿਲ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਸਬੰਧੀ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਦੋਸਤ ਦੇ ਚਾਰ ਟੋਟੇ ਕਰਕੇ ਨਹਿਰ 'ਚ ਸੁੱਟੀ ਲਾਸ਼