ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮਿੰਦਰ ਸਾਹਿਬ 'ਤੇ ਭਾਰਤੀ ਫ਼ੌਜ ਦੇ ਹਮਲੇ ਮੌਕੇ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਅਤੇ ਸ਼ਹੀਦ ਅਵਤਾਰ ਸਿੰਘ ਪਾਰੋਵਾਲ ਦੀਆਂ ਤਸਵੀਰਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ।
ਇਸ ਮੌਕੇ ਹੋਏ ਸਾਦੇ ਸਮਾਗਮ 'ਚ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੇ ਛੋਟੇ ਭਰਾ ਭਾਈ ਦਵਿੰਦਰਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਸਿੱਖ ਧਰਮ 'ਤੇ ਜ਼ੁਲਮ ਕਰਦੀਆਂ ਆ ਰਹੀਆਂ ਹਨ। ਇਸ ਲਈ ਜ਼ੁਲਮ ਦਾ ਨਾਸ਼ ਕਰਨ ਲਈ ਸਮੇਂ- ਸਮੇਂ 'ਤੇ ਸਿੰਘ ਉੱਠਦੇ ਆਏ ਹਨ। ਵੱਡੇ-ਛੋਟੇ ਸਾਹਿਬਜ਼ਾਦਿਆਂ ਦੇ ਵਾਰਸ ਜੂਝਦੇ ਹਨ ਅਤੇ ਸਿੱਖ ਹਮੇਸ਼ਾ ਹੱਕਾਂ ਲਈ ਡੱਟਦੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਨਾ ਕਰਨ ਅਤੇ ਸਾਡੇ ਗੁਰੂਆਂ ਨੇ ਕਦੇ ਵੀ ਧਰਮ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ। ਅਸੀਂ ਅਮਨਪਸੰਦ ਲੋਕ ਹਾਂ। ਸਿੱਖਾਂ ਨੇ ਕਦੇ ਕਿਸੇ 'ਤੇ ਜ਼ੁਲਮ ਨਹੀਂ ਕੀਤਾ।
ਸ਼ਹੀਦ ਭਾਈ ਅਵਤਾਰ ਸਿੰਘ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਘਰੋਂ 3 ਜੂਨ ਨੂੰ ਦਰਬਾਰ ਸਾਹਿਬ ਆਇਆ ਸੀ। ਇੱਥੇ ਫ਼ੌਜ ਕਰਕੇ ਘਿਰ ਗਿਆ ਤੇ ਬੀਬੀ ਅਮਰਜੀਤ ਕੌਰ ਦੇ ਘਰ ਰਿਹਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ 'ਤੇ ਵੀ ਫ਼ੌਜ ਨੇ ਗੋਲੀਆਂ ਚਲਾਈਆਂ ਪਰ ਉਹ ਬਚ ਕੇ ਜੇਲ੍ਹ ਚਲੇ ਗਏ। ਉਨ੍ਹਾਂ ਨੇ ਕਿਹਾ ਭਾਈ ਅਵਤਾਰ ਸਿੰਘ ਜਦੋਂ ਸੱਚਖੰਡ ਹਰਮਿੰਦਰ ਸਾਹਿਬ ਵਿਖੇ ਕੀਰਤਨ ਕਰ ਰਹੇ ਸਨ ਤਾਂ ਘੰਟਾ-ਘਰ ਦੀ ਬਾਹੀ ਤੋਂ ਗੋਲੀ ਲੱਗੀ, ਇਹ ਜਾਣਕਾਰੀ ਪਰਿਵਾਰ ਨੂੰ ਭਾਈ ਗੁਰਦਿਆਲ ਸਿੰਘ ਨੇ ਦਿੱਤੀ ਅਤੇ ਉਨ੍ਹਾਂ ਦੀ ਸੰਭਾਲ ਵੀ ਭਾਈ ਗੁਰਦਿਆਲ ਸਿੰਘ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਦੇ ਮਾਤਾ/ ਪਿਤਾ ਦੀ ਖੁਆਇਸ਼ ਸੀ ਕਿ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੇ। ਉਨ੍ਹਾਂ ਦੀ ਇਹ ਇੱਛਾ ਹੁਣ ਜਾ ਕੇ ਪੂਰੀ ਹੋਈ ਹੈ ਅਤੇ ਉਹ ਵਾਹਿਗੁਰੂ ਦਾ ਸ਼ੁਕਰ ਕਰਦੇ ਹਨ ਅਤੇ ਫ਼ਖਰ ਮਹਿਸੂਸ ਕਰ ਰਹੇ ਹਾਂ।