ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਪਣੇ ਅਗਲੇ 5 ਸਾਲਾਂ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਇਸ ਨੂੰ ਰਾਸ਼ਟਰੀ ਇੰਫ੍ਰਾਸਟ੍ਰੱਕਚਰ ਪਾਇਪ ਲਾਇਨ ਦਾ ਨਾਂਅ ਦਿੱਤਾ ਗਿਆ ਹੈ। ਜਿਸ ਦੇ ਅਧੀਨ ਕੇਂਦਰ ਸਰਕਾਰ 102 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸਰਕਾਰ ਆਪਣੇ 5 ਟ੍ਰਿਲਿਅਨ ਡਾਲਰ ਦੀ ਅਰਥ-ਵਿਵਸਥਾ ਦਾ ਟੀਚਾ ਪੂਰਾ ਕਰ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਸ ਦੇ ਲਈ ਸਰਕਾਰ ਨੇ ਇੱਕ ਟਾਸਕ ਫੋਰਸ ਤਿਆਰ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਦੇ ਲਾਲ ਕਿਲ੍ਹੇ ਤੋਂ ਭਾਸ਼ਣ ਦੌਰਾਨ ਦੇਸ਼ ਵਿੱਚ 100 ਲੱਖ ਕਰੋੜ ਰੁਪਏ ਦੇ ਇੰਸਫ੍ਰਾਸਟ੍ਰੱਕਚਰ ਉੱਤੇ ਲਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਨਵੀਂ ਪਾਇਪ ਲਾਇਨ ਦੇ ਅਧੀਨ 39 ਫ਼ੀਸਦੀ ਪ੍ਰੋਜੈਕਟ ਕੇਂਦਰ ਅਤੇ ਸੂਬਿਆਂ ਦੇ ਹੋਣਗੇ, ਜਦਕਿ 22 ਫ਼ੀਸਦੀ ਨਿੱਜੀ ਖੇਤਰ ਦੇ ਹੋਣਗੇ। ਸਰਕਾਰ ਨੂੰ ਆਸ ਹੈ ਕਿ ਸਾਲ 2025 ਤੱਕ ਨਿੱਜੀ ਖੇਤਰ ਦੇ ਪ੍ਰੋਜੈਕਟ ਵੱਧ ਕੇ 30 ਫ਼ੀਸਦੀ ਤੱਕ ਪਹੁੰਚ ਜਾਣਗੇ।
ਜਾਣਕਾਰੀ ਮੁਤਾਬਕ ਇਹ ਪ੍ਰੋਜੈਕਟ ਬਿਜਲੀ, ਰੇਲਵੇ, ਖੇਤੀ ਦੀ ਸਿੰਚਾਈ, ਗਤੀਸ਼ੀਲਤਾ, ਸਿੱਖਿਆ ਅਤੇ ਸਿਹਤ ਸੇਵਾਵਾਂ ਨਾਲ ਸਬੰਧਿਤ ਹੋਣਗੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਪਾਇਪਲਾਇਨ ਅਧੀਨ ਹੋਰ ਪ੍ਰੋਜੈਕਟਾਂ ਵਿੱਚ 3 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਸ ਵਿੱਚ ਲਗਭਗ 63 ਫ਼ੀਸਦੀ ਪ੍ਰੋਜੈਕਟ ਪੱਕੇ ਹਨ।