ਮੱਧ ਪ੍ਰਦੇਸ਼: ਐਤਵਾਰ ਨੂੰ ਰਾਮ ਨੌਮੀ ਦੇ ਜਸ਼ਨਾਂ ਦੌਰਾਨ ਮੱਧ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਵਿੱਚ ਫਿਰਕੂ ਹਿੰਸਾ ਭੜਕ ਗਈ। ਹਿੰਸਾ ਦੀ ਪਹਿਲੀ ਘਟਨਾ ਖਰਗੋਨ ਜ਼ਿਲੇ 'ਚ ਸਾਹਮਣੇ ਆਈ ਹੈ ਜਿੱਥੇ ਕਰੀਬ ਅੱਧੀ ਦਰਜਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਜਦਕਿ ਬਰਵਾਨੀ ਜ਼ਿਲੇ ਦੇ ਸੇਂਧਵਾ ਕਸਬੇ 'ਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ।
ਖਰਗੋਨ ਵਿੱਚ ਰਾਮ ਨੌਮੀ ਦੇ ਜਲੂਸ 'ਤੇ ਪਥਰਾਅ ਕੀਤਾ ਗਿਆ ਜਿਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਵਿੱਚ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਅਧਿਕਾਰੀਆਂ ਨੂੰ ਤਿੰਨ ਖੇਤਰਾਂ ਵਿੱਚ ਕਰਫਿਊ ਅਤੇ ਪੂਰੇ ਸ਼ਹਿਰ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰਨ ਲਈ ਕਿਹਾ ਗਿਆ। ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਮੁੱਢਲੀ ਜਾਣਕਾਰੀ ਅਨੁਸਾਰ ਪਥਰਾਅ ਦੌਰਾਨ ਕੁਝ ਪੁਲਿਸ ਮੁਲਾਜ਼ਮ ਅਤੇ ਲੋਕ ਜ਼ਖ਼ਮੀ ਹੋ ਗਏ। ਜਲੂਸ 'ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਹਮਲਾ ਕੀਤਾ ਸੀ ਜਿਨ੍ਹਾਂ ਨੇ ਜਲੂਸ ਦੌਰਾਨ ਉੱਚੀ ਆਵਾਜ਼ 'ਚ ਡੀਜੇ ਸੰਗੀਤ ਵਜਾਉਣ 'ਤੇ ਇਤਰਾਜ਼ ਜਤਾਇਆ ਸੀ। ਇਸ ਦੇ ਨਤੀਜੇ ਵਜੋਂ ਦੋ ਭਾਈਚਾਰਿਆਂ 'ਚ ਟਕਰਾਅ ਹੋ ਗਿਆ ਜਿਸ ਤੋਂ ਬਾਅਦ ਪੱਥਰਬਾਜ਼ੀ ਦੀ ਰਿਪੋਰਟ ਕੀਤੀ ਗਈ।
ਪੁਲਿਸ ਨੂੰ ਸਖ਼ਤ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਕੁਝ ਹੋਰ ਸਥਾਨਕ ਥਾਣਿਆਂ ਦੇ ਵਾਧੂ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਮੌਕੇ 'ਤੇ ਤਾਇਨਾਤ ਕਰ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੇ ਤੌਰ 'ਤੇ ਇਸ 'ਤੇ ਕਾਰਵਾਈ ਕੀਤੀ ਅਤੇ ਸਥਿਤੀ 'ਤੇ ਕਾਬੂ ਪਾਇਆ ਗਿਆ।
ਖਰਗੋਨ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਦੇਰ ਰਾਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਫੈਲਾਉਣ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੀ ਗੁੰਮਰਾਹਕੁੰਨ ਸੂਚਨਾ 'ਤੇ ਧਿਆਨ ਨਾ ਦੇਣ। ਖਰਗੋਨ ਦੇ ਐਡੀਸ਼ਨਲ ਕਲੈਕਟਰ ਐਸ ਐਸ ਮੁਜਾਲਦਾ ਨੇ ਐਤਵਾਰ ਦੇਰ ਰਾਤ ਇੱਕ ਅਪੀਲ ਵਿੱਚ ਕਿਹਾ, "ਸ਼ਹਿਰ ਵਿੱਚ ਸਥਿਤੀ ਹੁਣ ਕਾਬੂ ਵਿੱਚ ਹੈ। ਕਿਸੇ ਵੀ ਤਰ੍ਹਾਂ ਦੀ ਅਫਵਾਹ ਅਤੇ ਗੁੰਮਰਾਹਕੁੰਨ ਜਾਣਕਾਰੀ 'ਤੇ ਧਿਆਨ ਨਾ ਦਿਓ।"
ਰਾਮ ਨੌਮੀ ਦੇ ਜਲੂਸ ਦੌਰਾਨ ਬਰਵਾਨੀ ਜ਼ਿਲੇ ਦੇ ਸੇਂਧਵਾ ਕਸਬੇ ਤੋਂ ਵੀ ਅਜਿਹੀ ਹੀ ਹਿੰਸਾ ਦੀ ਖ਼ਬਰ ਮਿਲੀ ਹੈ। ਇਸ ਘਟਨਾ 'ਚ ਇਕ ਪੁਲਿਸ ਇੰਸਪੈਕਟਰ ਸਮੇਤ ਘੱਟੋ-ਘੱਟ 5-6 ਲੋਕ ਜ਼ਖਮੀ ਹੋ ਗਏ। ਇਕ ਧਾਰਮਿਕ ਸਥਾਨ ਦੀ ਵੀ ਭੰਨਤੋੜ ਕੀਤੀ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਜ਼ਿਲ੍ਹੇ ਵਿੱਚ ਸਥਿਤੀ ਕਾਬੂ ਹੇਠ ਸੀ।
ਇਹ ਵੀ ਪੜ੍ਹੋ:- ਭਲਕੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ