ਰਾਏਪੁਰ: ਬੀਜਾਪੁਰ ਦੇ ਤਰੇਰਮ ਦੇ ਜੰਗਲਾਂ ’ਚ ਨਕਸਲੀਆਂ ਨੇ ਜਵਾਨਾਂ ਨੂੰ ਘੇਰ ਰੱਖਿਆ ਸੀ। ਕੋਬਰਾ (COBRA) ਕਮਾਂਡੋ ਬਲਰਾਜ ਸਿੰਘ ਨੇ ਫਾਇਰਿੰਗ ਦੇ ਵਿਚਾਲੇ ਨਲਸਲੀਆਂ ਨਾਲ ਲੋਹਾ ਲੈ ਰਹੇ ਸਨ। ਇਸ ਦੌਰਾਨ ਅਭਿਸ਼ੇਕ ਪਾਂਡੇ ਨੂੰ ਗੋਲੀ ਲੱਗੀ ਅਤੇ ਖ਼ੂਨ ਨਿਕਲਣ ਲੱਗਿਆ। ਬਲਰਾਜ ਨੇ ਫਟਾਫਟ ਆਪਣੀ ਪੱਗੜੀ ਖੋਲ੍ਹੀ ਤੇ ਅਭਿਸ਼ੇਕ ਨੂੰ ਬੰਨ੍ਹ ਦਿੱਤੀ, ਬਾਅਦ ’ਚ ਉਹ ਆਪ ਵੀ ਜਖ਼ਮੀ ਹੋ ਗਏ। ਛੱਤੀਸਗੜ੍ਹ ਦੇ ਵਿਸ਼ੇਸ਼ ਪੁਲਿਸ ਮਹਾਂਨਿਰਦੇਸ਼ਕ ਆਰਕੇ ਵਿੱਜ ਨੇ ਹਸਪਤਾਲ ਪਹੁੰਚ ਦੇ ਬਲਰਾਜ ਸਿੰਘ ਨੂੰ ਨਵੀਂ ਪੱਗੜੀ ਸੌਂਪੀ।
ਛੱਤੀਸਗੜ੍ਹ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਮੈਂ ਇਹ ਪੱਗੜੀ ਕੋਬਰਾ ਕਮਾਂਡੋ ਬਲਰਾਜ ਸਿੰਘ ਨੂੰ ਸੌਂਪਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਆਪਣੇ ਸਾਥੀ ਦੀ ਜਾਨ ਬਚਾਉਣ ਲਈ, ਉਸ ਨੂੰ ਆਪਣੀ ਪੱਗੜੀ ਬੰਨ੍ਹ ਦਿੱਤੀ। ਇਸ ਮੌਕੇ ਕੋਬਰਾ ਕਮਾਂਡੋ ਬਲਰਾਜ ਸਿੰਘ ਬਹੁਤ ਖੁਸ਼ ਸਨ ਉਨ੍ਹਾਂ ਨੇ ਆਪਣੀ ਦੇਖ ਰੇਖ ਕਰ ਰਹੇ ਕਰਮਚਾਰੀ ਨੂੰ ਇਸ ਖ਼ੂਬਸੂਰਤ ਪੱਲਾਂ ਨੂੰ ਕੈਮਰੇ ’ਚ ਕੈਦ ਕਰਨ ਲਈ ਬੇਨਤੀ ਕੀਤੀ।
ETV ਭਾਰਤ ਨੂੰ ਦੱਸੀ ਮੁੱਠਭੇੜ ਵੇਲੇ ਦੀ ਸਾਰੀ ਕਹਾਣੀ
ਕੋਬਰਾ ਕਮਾਂਡੋ ਬਲਰਾਜ ਸਿੰਘ ਨੇ ETV ਭਾਰਤ ਨੂੰ ਦੱਸਿਆ ਕਿ ਨਕਸਲੀਆਂ ਕੋਲ ਇੰਮਪਰੋਵਾਈਜ਼ ਬੰਬ ਸਨ, ਜਿਨ੍ਹਾਂ ਨੂੰ ਲਾਂਚਰ ਰਾਹੀਂ ਉਹ ਦਾਗ ਰਹੇ ਸਨ। ਉਨ੍ਹਾਂ ਦੱਸਿਆ ਕਿ ਨਕਸਲੀਆਂ ਦੀ ਪੂਰੀ ਬਟਾਲੀਅਨ ਸੀ, ਜਿਨ੍ਹਾਂ ’ਚ ਤਕਰੀਬਨ 300 ਤੋਂ 400 ਨਕਸਲੀ ਸ਼ਾਮਲ ਸਨ। ਇਸ ਮੌਕੇ ਸਥਾਨਕ ਲੋਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਸਨ, ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਹਮਲਾ ਇੰਮਪਰੋਵਾਈਜ਼ ਬੰਬਾਂ ਰਾਹੀਂ ਕੀਤਾ ਗਿਆ, ਜਿਸ ਕਾਰਨ ਭਾਰਤੀ ਫੌਜ ਦੇ ਜਵਾਨਾਂ ਦਾ ਜ਼ਿਆਦਾ ਨੁਕਸਾਨ ਹੋਇਆ। ਜਵਾਨਾਂ ਨੇ ਬਹਾਦੁਰੀ ਨਾਲ ਨਕਸਲੀਆਂ ਦੇ ਚੱਕਰਵਿਊ ਨੂੰ ਤੋੜਿਆ ਅਤੇ ਉੱਥੋ ਅੱਗੇ ਨਿਕਲਣ ’ਚ ਕਾਮਯਾਬ ਹੋਏ।
ਜਖ਼ਮੀ ਜਵਾਨਾਂ ਦਾ ਚੱਲ ਰਿਹਾ ਹੈ ਇਲਾਜ
ਛੱਤੀਸਗੜ੍ਹ ਦੇ ਬੀਜਾਪੁਰ ’ਚ ਹੋਈ ਮੁੱਠਭੇੜ ਦੌਰਾਨ 22 ਜਵਾਨ ਸ਼ਹੀਦ ਹੋ ਗਏ ਹਨ ਅਤੇ 31 ਜਵਾਨ ਜਖ਼ਮੀ ਹਨ। ਜਵਾਨ ਰਾਕੇਸ਼ਵਰ ਸਿੰਘ ਮਿਨਹਾਸ ਲਾਪਤਾ ਹਨ। ਇੰਨਕਾਊਂਟਰ ’ਚ ਡੀਆਰਜੀ, ਕੋਬਰਾ ਬਟਾਲੀਅਨ ਅਤੇ ਐੱਸਟੀਐੱਫ਼ ਦੇ ਕਈ ਜਵਾਨ ਜਖ਼ਮੀ ਹੋਏ ਹਨ। ਜਵਾਨਾਂ ਦਾ ਇਲਾਜ ਬੀਜਾਪੁਰ, ਜਗਦਲਪੁਰ ਅਤੇ ਰਾਏਪੁਰ ਵਿਖੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਮੁਖਤਾਰ ਅੰਸਾਰੀ ਮਾਮਲਾ: ਮੋਹਾਲੀ ਏਅਰਪੋਰਟ 'ਤੇ ਹੱਲਚੱਲ ਦਾ ਜ਼ਾਇਜਾ