ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਦੀਪਕ ਟੀਨੂ ਫ਼ਰਾਰ ਮਾਮਲੇ ਵਿੱਚ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਾਲਾ ਦੂਜਾ ਮਦਦਗਾਰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰੀ ਹੋਈ ਹੈ। ਏਟੀਜੀਐਫ ਤੇ ਐਸਆਈਟੀ ਨੇ ਸਾਂਝੇ ਓਪਰੇਸ਼ਨ ਦੌਰਾਨ ਕਾਬੂ ਕੀਤਾ। ਗ੍ਰਿਫਤਾਰ ਹੋਏ ਮੁਲਜ਼ਮ ਦੀ ਪਛਾਣ ਚਿਰਾਗ ਵਜੋਂ ਹੋਈ ਹੈ।
ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂੰ: ਕਾਬਿਲੇਗੌਰ ਹੈ ਕਿ ਮਾਨਸਾ ਵਿਖੇ ਸੀਆਈਏ ਟੀਮ ਦੀ ਗ੍ਰਿਫਤ ਵਿੱਚੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਹਿਰਾਸਤ ਵਿੱਚੋਂ ਫਰਾਰ ਹੋ ਗਿਆ (Gangster Deepak Tinu absconded) ਸੀ। ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਨੂੰ ਮੁਅੱਤਲ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਰਾਜਸਥਾਨ ਤੋਂ ਕੀਤਾ ਸੀ ਗ੍ਰਿਫ਼ਤਾਰ: ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਿਸ ਉਤੇ ਵੱਡੇ ਸਵਾਲ ਸਨ ਅਤੇ ਇਸ ਨੂੰ ਲੈ ਕੇ ਪੁਲੀਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠ ਰਹੇ ਸਨ। ਉੱਧਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਵੀ ਮਾਨਸਾ ਪੁਲਿਸ 'ਤੇ ਬੇਭਰੋਸਗੀ ਜ਼ਾਹਿਰ ਕੀਤੀ ਗਈ ਸੀ। 20 ਅਕਤੂਬਰ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਰਾਜਸਥਾਨ ਤੋਂ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਟੀਨੂੰ: ਗੈਂਗਸਟਰ ਟੀਨੂੰ ਜੇਲ੍ਹ ਵਿੱਚ ਸਜਾ ਦੌਰਾਨ ਹੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ ਸੀ। ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਟੀਨੂੰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਸੀ। ਜੇਲ੍ਹ ਵਿੱਚ ਬੈਠ ਕੇ ਉਸ ਨੇ ਭੱਜਣ ਦੀ ਪੂਰੀ ਯੋਜਨਾ ਬਣਾ ਲਈ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਹਿਰਾਸਤ 'ਚੋਂ ਫਰਾਰ ਹੋਣ ਤੋਂ ਬਾਅਦ ਉਹ ਕੈਨੇਡਾ, ਅਮਰੀਕਾ ਜਾਂ ਨੇਪਾਲ ਦੇ ਰਸਤੇ ਦੁਬਈ ਭੱਜਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਦੇ ਮੱਦੇਨਜ਼ਰ ਉਸ ਦਾ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।
ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਹੋਈ ਸੀ ਮਹਿਲਾ ਮਿੱਤਰ : ਇਸ ਤੋਂ ਇਲਾਵਾ ਭਗੌੜੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਪੰਜਾਬ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ (gangster Deepak Tinu Girlfriend arrested) ਕਰ ਲਿਆ ਸੀ। ਫੜੀ ਗਈ ਔਰਤ ਦੀ ਪਛਾਣ ਜਤਿੰਦਰ ਕੌਰ ਉਰਫ ਜੋਤੀ ਦਿਓਲ ਵਜੋਂ ਹੋਈ ਸੀ ਜੋ ਕਿ ਮੁੰਬਈ ਤੋਂ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।
ਹਰਿਆਣਾ ਦਾ ਰਹਿਣ ਵਾਲਾ ਹੈ ਗੈਂਗਸਟਰ ਦੀਪਕ: ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਟੀਨੂੰ ਖ਼ਿਲਾਫ਼ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ 35 ਤੋਂ ਵੱਧ ਕੇਸ ਦਰਜ ਹਨ। ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੇ ਭਿਵਾਨੀ ਵਿੱਚ ਬੰਟੀ ਮਾਸਟਰ ਦਾ ਕਤਲ ਕੀਤਾ ਸੀ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: CM ਬੇਅੰਤ ਸਿੰਘ ਕਤਲ ਮਾਮਲਾ: ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ 'ਚ ਲਿਆਉਣ ਦੇ ਆਦੇਸ਼