ਨਵੀਂ ਦਿੱਲੀ: ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਪਿਛਲੇ ਤਿੰਨ ਸਾਲਾਂ 'ਚ 3,92,643 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਲੋਕ ਸਭਾ ਵਿੱਚ ਹਾਜੀ ਫਜ਼ਲੁਰ ਰਹਿਮਾਨ ਦੇ ਸਵਾਲ ਦੇ ਲਿਖਤੀ ਜਵਾਬ ਦੇ ਨਾਲ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ।
ਮੈਂਬਰ ਨੇ ਸਾਲ 2019 ਤੋਂ ਚਾਲੂ ਸਾਲ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਬਾਰੇ ਜਾਣਕਾਰੀ ਮੰਗੀ ਸੀ। ਹੇਠਲੇ ਸਦਨ ਵਿੱਚ ਰਾਏ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਸਾਲ 2019 ਤੋਂ 2021 ਦੌਰਾਨ ਆਪਣੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 3,92,643 ਸੀ। ਇਸ ਵਿੱਚ, ਸਾਲ 2019 ਵਿੱਚ, 1,44,017 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜਦੋਂ ਕਿ 2020 ਵਿੱਚ, 85,256 ਭਾਰਤੀਆਂ ਅਤੇ ਸਾਲ 2021 ਵਿੱਚ, 1,63,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ।
ਅਮਰੀਕਾ ਨੇ ਦਿੱਤੀ ਕਰੀਬ ਪੌਨੇ 2 ਲੱਖ ਲੋਕਾਂ ਨੂੰ ਨਾਗਰਿਕਤਾ: ਸਰਕਾਰੀ ਅੰਕੜਿਆ ਦੇ ਅਨੁਸਾਰ, ਸਾਲ 2019 ਤੋਂ 2021 ਵਿਚਾਲੇ 1, 70, 795 ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ ਵਿੱਚ ਸਾਲ 2019 ਵਿੱਚ 61,683 ਭਾਰਤੀਆਂ, ਸਾਲ 2020 ਵਿੱਚ 30, 828 ਭਾਰਤੀਆਂ ਅਤੇ ਸਾਲ 2021 ਵਿੱਚ 78, 284 ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ ਵਿੱਚ ਦੱਸਿਆ ਗਿਆ ਕਿ ਆਸਟ੍ਰੇਲਿਆ ਵਿੱਚ ਪਿਛਲੇ ਤਿੰਨ ਸਾਲਾਂ 58, 391 ਭਾਰਤੀਆਂ, ਕੈਨੇਡਾ ਵਿੱਚ 64, 071 ਭਾਰਤੀਆਂ, ਜਰਮਨੀ ਵਿੱਚ 6,690 ਭਾਰਤੀਆਂ, ਇਟਲੀ ਵਿੱਚ 12, 131 ਭਾਰਤੀਆਂ, ਨਿਊਜ਼ੀਲੈਂਡ ਵਿੱਚ 8, 882 ਭਾਰਤੀਆਂ ਅਤੇ ਪਾਕਿਸਤਾਨ ਵਿੱਚ 48 ਭਾਰਤੀਆਂ ਨੂੰ ਨਾਗਰਿਕਤਾ ਮਿਲੀ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: ਕਾਰ 'ਤੇ ਟਰੱਕ ਪਲਟਣ ਕਾਰਨ 2 ਬੱਚਿਆਂ ਸਮੇਤ ਪੰਜ ਦੀ ਮੌਤ, ਦੋ ਦੀ ਹਾਲਤ ਗੰਭੀਰ