ਬਰਨਾਲਾ: ਬਰਨਾਲਾ ਇੱਕ ਪੁਰਾਤਨ ਇਤਿਹਾਸਕ ਸ਼ਹਿਰ ਹੈ। ਇਸ ਸ਼ਹਿਰ ਨੂੰ ਲੈ ਕੇ ਅਲੱਗ ਅਲੱਗ ਧਾਰਨਾਵਾਂ ਹਨ। ਪਰ ਸਭ ਤੋਂ ਵੱਧ ਪ੍ਰਚੱਲਿਤ ਕਥਾ ਬਾਬਾ ਆਲਾ ਸਿੰਘ ਨਾਲ ਆ ਕੇ ਜੁੜਦੀ ਹੈ, ਜੋ ਪਟਿਆਲਾ ਰਿਆਸਤ ਦੇ ਮੋਢੀਆਂ ਵਿੱਚੋਂ ਇੱਕ ਸਨ।
ਬਰਨਾਲਾ ਸ਼ਹਿਰ ਦਾ ਇਤਿਹਾਸ: ਇਤਿਹਾਸ ਅਨੁਸਾਰ ਬਾਬਾ ਆਲਾ ਸਿੰਘ ਜੀ ਨੇ 1722 ਵਿੱਚ ਬਰਨਾਲਾ ਸ਼ਹਿਰ ਨੂੰ ਵਸਾਉਣਾ ਸ਼ੁਰੂ ਕੀਤਾ ਸੀ। ਬਰਨਾਲਾ ਸ਼ਹਿਰ ਨੂੰ ਵਸਾਉਣ ਵਾਲੇ ਬਾਬਾ ਆਲਾ ਸਿੰਘ ਜੀ ਦਾ ਧਾਰਮਿਕ ਅਸਥਾਨ ਅੱਜ ਵੀ ਬਰਨਾਲਾ ਵਿੱਚ ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ। ਸੰਨ 1722 ਵਿੱਚ ਬਾਬਾ ਆਲਾ ਸਿੰਘ ਜੀ ਨੇ ਬਰਨਾਲਾ ਵਿੱਚ ਕਿਲ੍ਹਾ ਬਣਵਾਉਣਾ ਸ਼ੁਰੂ ਕੀਤਾ ਸੀ। ਜਿਸ ਤੋਂ ਬਾਅਦ ਇੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਅੱਜ ਇਸ ਥਾਂ 'ਤੇ ਪੁਰਾਤਨ ਗੁਰਦੂਆਰਾ ਸਾਹਿਬ ਚੁੱਲ੍ਹੇ ਬਾਬਾ ਆਲਾ ਸਿੰਘ ਬਣਿਆ ਹੋਇਆ ਹੈ। ਜਿੱਥੇ ਲੋਕ ਆਪਣੀਆਂ ਮੰਨਤਾ ਪੂਰੀਆਂ ਕਰਨ ਲਈ ਅਰਦਾਸ ਕਰਦੇ ਹਨ। ਇਸ ਇਤਿਹਾਸਕ ਗੁਰਦੂਆਰਾ ਸਾਹਿਬ ਵਿੱਚ ਅੱਜ ਵੀ ਉਸ ਸਮੇਂ ਦੇ ਚੁੱਲ੍ਹੇ ਬਣੇ ਹੋਏ ਹਨ, ਜਿੱਥੇ ਉਸ ਸਮੇਂ ਸੰਗਤ ਲਈ ਲੰਗਰ ਤਿਆਰ ਕੀਤਾ ਜਾਂਦਾ ਰਿਹਾ ਹੈ।
ਲੋਕ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਪੁਰਾਤਨ ਅਸਥਾਨ 'ਤੇ ਹੁੰਦੇ ਨਤਮਸਤਕ: ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਹੇ ਭਾਈ ਇੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਉਹ 1997 ਤੋਂ ਇਸ ਅਸਥਾਨ 'ਤੇ ਸੇਵਾ ਕਰ ਰਹੇ ਹਨ। ਇਹ ਗੁਰਦੁਆਰਾ ਸਾਹਿਬ ਲੰਗਰ ਤਿਆਰ ਕਰਨ ਲਈ ਬਣਾਇਆ ਗਿਆ ਸੀ, ਜੋ ਅੱਜ ਵੀ ਚੱਲ ਰਿਹਾ ਹੈ। ਉਸ ਵੇਲੇ ਲੰਗਰ ਤਿਆਰ ਕਰਨ ਲਈ ਬਣਾਏ ਗਏ ਚੁੱਲ੍ਹੇ ਅੱਜ ਵੀ ਇਸ ਜਗ੍ਹਾ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਬਾਬਾ ਆਲਾ ਸਿੰਘ ਜੀ ਨੇ ਵਸਾਇਆ ਸੀ ਅਤੇ ਕੁਝ ਸਮੇਂ ਬਾਅਦ ਬਰਨਾਲਾ ਨੂੰ ਇੱਕ ਰਾਜਧਾਨੀ ਬਣਾ ਲਿਆ। ਪਰ ਸੰਨ 1758 ਵਿਚ ਬਾਬਾ ਆਲਾ ਸਿੰਘ ਜੀ ਨੇ ਪਟਿਆਲਾ ਨੂੰ ਰਾਜਧਾਨੀ ਬਣਾ ਲਿਆ। ਉਨ੍ਹਾਂ ਦੱਸਿਆ ਕਿ ਬਾਬਾ ਆਲਾ ਸਿੰਘ ਜੀ ਦੇ ਦਾਦਾ ਜੀ ਦਾ ਨਾਂ ਫੂਲ ਸਿੰਘ ਸੀ ਅਤੇ ਪਿਤਾ ਦਾ ਨਾਮ ਰਾਮ ਸਿੰਘ ਸੀ, ਜਿਨ੍ਹਾਂ ਦੇ ਨਾਮ 'ਤੇ ਰਾਮਪੁਰਾ ਪਿੰਡ ਵਸਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਲੋਕ ਆਪਣੀਆ ਮੰਨਤਾਂ ਪੂਰੀ ਕਰਨ ਤੋਂ ਬਾਅਦ ਅਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਪੁਰਾਤਨ ਅਸਥਾਨ 'ਤੇ ਮੱਥਾ ਟੇਕਦੇ ਹਨ।
ਅੱਜ ਵੀ ਵੱਡੀ ਗਿਣਤੀ ਵਿਚ ਲੋਕ ਆਪਣੀ ਮੰਨਤਾਂ ਪੂਰੀਆਂ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਨਤਮਸਤਕ: ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਕਮਲਜੀਤ ਕੌਰ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਦਾਦਾ ਜੀ ਦੇ ਸਮੇਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਨ 1722 ਵਿਚ ਇਸ ਸਥਾਨ 'ਤੇ ਬਾਬਾ ਆਲਾ ਸਿੰਘ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਿਲ੍ਹਾ ਉਸਾਰਿਆ ਗਿਆ ਸੀ। ਜਿਸ ਤੋਂ ਬਾਅਦ ਬਰਨਾਲਾ ਸ਼ਹਿਰ ਵਸਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਆਪਣੀਆ ਮੰਨਤਾਂ ਪੂਰੀਆ ਕਰਨ ਲਈ ਗੁਰਦੂਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ।