ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਕਾਜੀਗੁੰਡ ਵਿੱਚ ਦਾਖਿਲੇ ਦੇ ਸਿਰਫ ਇਕ ਕਿਲੋਮੀਟਰ ਦੇ ਸਫਰ ਵਿੱਚ ਹੀ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵੱਡੀ ਕੋਤਾਹੀ ਹੋ ਗਈ ਹੈ। ਇਥੇ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਵਿੱਚ ਕਈ ਲੋਕ ਆ ਵੜੇ ਹਨ ਤੇ ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਪੁਲਿਸ ਉਮਰ ਅਬਦੁੱਲਾ ਦੀ ਗੱਡੀ ਵਿੱਚ ਲੈ ਗਈ। ਉਨ੍ਹਾਂ ਨੂੰ ਅਨੰਤਨਾਗ ਲਿਜਾਂਦਾ ਗਿਆ ਹੈ।
ਟਨਲ ਤੋਂ ਬਾਅਦ ਨਹੀਂ ਦਿਖਿਆ ਕੋਈ ਪੁਲਿਸ ਕਰਮਚਾਰੀ: ਦੂਜੇ ਪਾਸੇ ਰਾਹੁਲ ਗਾਂਧੀ ਨੇ ਅਨੰਤਨਾਗ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੀ ਸੁਰੱਖਿਆ ਢਹਿ ਢੇਰੀ ਹੋਈ ਹੈ। ਟਨਲ ਤੋਂ ਬਾਅਦ ਕੋਈ ਵੀ ਪੁਲਿਸ ਕਰਮੀ ਨਹੀਂ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਮੇਰੇ ਸੁਰੱਖਿਆਕਰਮੀਆਂ ਨੇ ਕਿਹਾ ਕਿ ਅਸੀਂ ਹੋਰ ਨਾਲ ਨਹੀਂ ਚੱਲ ਸਕਦੇ। ਇਸ ਲਈ ਮੈਨੂੰ ਆਪਣੀ ਯਾਤਰਾ ਰੋਕਣੀ ਪਈ ਹੈ। ਬਾਕੀ ਲੋਕ ਯਾਤਰਾ ਕਰ ਰਹੇ ਹਨ।
ਇਹ ਵੀ ਪੜ੍ਹੋ: AMU 'ਚ 'ਅੱਲ੍ਹਾ ਹੂ ਅਕਬਰ' ਦਾ ਨਾਅਰਾ ਲਾਉਣ 'ਤੇ ਵਿਦਿਆਰਥੀ ਨੂੰ ਕੀਤਾ ਮੁਅੱਤਲ
ਖੜਗੇ ਨੇ ਕੀਤਾ ਟਵੀਟ, ਅਸੀਂ ਦੋ ਪ੍ਰਧਾਨ ਮੰਤਰੀ ਗੁਆਏ: ਰਾਹੁਲ ਗਾਂਧੀ ਨੇ ਕਿਹਾ ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜਿੰਮੇਦਾਰੀ ਹੈ। ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਟਵੀਟ ਕੀਤਾ ਤੇ ਕਿਹਾ ਹੈ ਕਿ ਸੁਰੱਖਿਆ ਵਿੱਚ ਹੋਈ ਇਹ ਕੁਤਾਹੀ ਪਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਦੋ ਪ੍ਰਧਾਨ ਮੰਤਰੀ ਗੁਆ ਚੁੱਕੇ ਹਾਂ। ਉਨ੍ਹਾਂ ਮੰਗ ਕੀਤੀ ਕਿ ਯਾਤਰੀਆਂ ਦੀ ਸੁਰੱਖਿਆ ਵਿੱਚ ਸਖਤੀ ਵਰਤੀ ਜਾਵੇ। ਇਸੇ ਤਰ੍ਹਾਂ ਕਾਂਗਰਸ ਦੇ ਆਗੂ ਵੇਣੂ ਗੋਪਾਲ ਨੇ ਵੀ ਇਸ ਤੋਂ ਬਾਅਦ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਉਨ੍ਹਾਂ ਜੰਮੂ ਕਸ਼ਮੀਰ ਦੇ ਉੱਪਰਾਜਪਾਲ ਮਨੋਜ ਸਿੰਨਹਾ ਉੱਤੇ ਨਿਸ਼ਾਨਾਂ ਲਾਇਆ ਹੈ। ਵੇਣੂ ਗੋਪਾਲ ਨੇ ਇਲਜਾਮ ਲਾਇਆ ਕਿ ਇਹ ਕੁਤਾਹੀ ਪੁਲਿਸ ਤੇ ਸੀਆਰਪੀਐੱਫ ਦੇ ਜਵਾਨਾਂ ਕਰਕੇ ਹੋਈ ਹੈ। ਇਹ ਵੀ ਯਾਦ ਰਹੇ ਕਿ ਭਾਰਤ ਜੋੜੋ ਯਾਤਰਾ 7 ਸਿਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਤੇ 30 ਜਨਵਰੀ ਨੂੰ ਰਾਹੁਲ ਗਾਂਧੀ ਸ਼੍ਰੀਨਗਰ ਵਿੱਚ ਕਾਂਗਰਸ ਦਫਤਰ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਇਹ ਯਾਤਰਾ ਸਮਾਪਤ ਹੋ ਜਾਵੇਗੀ। ਪਰ ਯਾਤਰਾ ਵਿੱਚ ਕੁਤਾਹੀ ਕਾਰਨ ਇਕ ਵਾਰ ਜਰੂਰ ਜੰਮੂ ਕਸ਼ਮੀਰ ਦਾ ਪੁਲਿਸ ਪ੍ਰਬੰਧ ਨਿਸ਼ਾਨੇ ਉੱਤੇ ਹੈ।