ਹੈਦਰਾਬਾਦ: ਪਾਕਿਸਤਾਨ ਦੇ ਚੋਲਿਸਤਾਨ ਵਿੱਚ ਗ਼ੈਰ ਕਾਨੂੰਨੀ ਰੂਪ ਵਿੱਚ ਦਾਖ਼ਲ ਹੋਏ 2 ਭਾਰਤੀ ਨਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ (ਪ੍ਰਸ਼ਾਂਤ ਵੈਂਦਮ) ਨੂੰ ਹੈਦਰਾਬਾਦ ਦਾ ਦੱਸਿਆ ਜਾ ਰਿਹਾ ਹੈ ਜੋ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ ਅਤੇ ਦੂਜਾ ਦਾਰੀਲਾਲ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹ ਦੋਵੇਂ ਕਥਿਤ ਰੂਪ ਵਿੱਚ ਬਿਨਾਂ ਕਿਸੇ ਕਾਗ਼ਜ਼ੀ ਕਾਰਵਾਈ ਦੇ ਰਾਜਸਥਾਨ ਦੇ ਰਾਹ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਏ ਸਨ।
ਪਾਕਿਸਤਾਨੀ ਮੀਡੀਆ ਨੇ ਸੋਮਵਾਰ ਨੇ ਦੱਸਿਆ ਕਿ ਬਹਾਵਲਪੁਰ ਜ਼ਿਲ੍ਹੇ ਦੇ ਨੇੜੇ ਸਥਿਤ ਰੇਗਿਸਤਾਨ ਵਿੱਚ 14 ਨਵੰਬਰ ਨੂੰ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਆਪਣੀ ਇੰਟਰਨੈੱਟ ਤੇ ਮਿਲੀ ਮਹਿਲਾ ਦੋਸਤ ਨੂੰ ਮਿਲਣ ਲਈ ਸਵੀਜ਼ਰਲੈਂਡ ਜਾਣਾ ਚਾਹੁੰਦਾ ਸੀ ਪਰ ਉਹ ਪਾਕਿਸਤਾਨ ਜਾ ਪਹੁੰਚਿਆ। ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਇਹ ਵਿਅਕਤੀ ਸਰਹੱਦ ਤੱਕ ਪਹੁੰਚਿਆ ਕਿਵੇਂ ?
ਆਪਣੇ ਘਰਵਾਲਿਆਂ ਨੂੰ ਪ੍ਰਸ਼ਾਂਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਹੜੀ ਕਿ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪ੍ਰਸ਼ਾਂਤ ਤੇਲਗੂ ਵਿੱਚ ਕਹਿ ਰਿਹਾ ਹੈ ਕਿ ਉਸ ਨੂੰ 1 ਮਹੀਨੇ ਦੇ ਅੰਦਰ ਹੀ ਜੇਲ੍ਹ ਤੋਂ ਬਾਹਰ ਆਉਂਣ ਦੀ ਉਮੀਦ ਹੈ। ਹਾਲਾਂਕਿ ਉਸ ਨੇ ਇਸ ਵੀਡੀਓ ਵਿੱਚ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਪਾਕਿਸਤਾਨ ਪਹੁੰਚਿਆ ਕਿਵੇਂ ਸੀ।