ਗਯਾ (ਬਿਹਾਰ): ਮਸਕਟ 'ਚ ਫਸੇ ਹੋਏ 132 ਭਾਰਤੀਆਂ ਨੂੰ ਲੈਣ ਗਈ ਇੱਕ ਵਿਸ਼ੇਸ਼ ਉਡਾਣ ਐਤਵਾਰ ਨੂੰ ਬਿਹਾਰ ਦੇ ਗਯਾ ਹਵਾਈ ਅੱਡੇ 'ਤੇ ਉਤਰ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਯਾਤਰੀ ਵਿੱਚ ਸਕ੍ਰੀਨਿੰਗ ਅਤੇ ਡਾਕਟਰੀ ਜਾਂਚ ਦੌਰਾਨ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ।
ਗਯਾ ਹਵਾਈ ਅੱਡੇ ਦੇ ਡਾਇਰੈਕਟਰ ਦਿਲੀਪ ਕੁਮਾਰ ਨੇ ਦੱਸਿਆ ਕਿ 132 ਯਾਤਰੀਆਂ ਵਿੱਚੋਂ 116 ਬਿਹਾਰ ਅਤੇ 16 ਝਾਰਖੰਡ ਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਕਾਊਂਟਰਾਂ 'ਤੇ ਪਰਤਣ ਵਾਲਿਆਂ ਦੇ ਪਾਸਪੋਰਟ ਜਮ੍ਹਾਂ ਕਰਵਾਉਣ ਜਿਹੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬਿਹਾਰ ਦੇ ਵਸਨੀਕਾਂ ਨੂੰ 14 ਦਿਨਾਂ ਦੇ ਕੁਆਰੰਟੀਨ ਲਈ ਬੋਧਗਯਾ ਦੇ ਵੱਖ-ਵੱਖ ਹੋਟਲਾਂ ਵਿੱਚ ਭੇਜਿਆ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਝਾਰਖੰਡ ਦੇ ਲੋਕਾਂ ਨੂੰ ਝਾਰਖੰਡ ਸਰਕਾਰ ਦੁਆਰਾ ਭੇਜੇ ਗਏ ਵਾਹਨ ਵਿੱਚ ਭੇਜਿਆ ਗਿਆ।
ਮਗਧ ਡਵੀਜ਼ਨਲ ਕਮਿਸ਼ਨਰ ਅਸਾਂਗਬਾ ਚੂਬਾ ਏਓ, ਗਯਾ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਸਿੰਘ, ਐਸਐਸਪੀ ਰਾਜੀਵ ਮਿਸ਼ਰਾ ਅਤੇ ਏਅਰਪੋਰਟ ਡਾਇਰੈਕਟਰ ਨੇ ਵਾਪਸ ਆਉਣ 'ਤੇ ਯਾਤਰੀਆਂ ਨੂੰ ਸੈਨੀਟਾਈਜ਼ਰ ਅਤੇ ਸਾਬਣ ਵਾਲੀ ਕਿੱਟਾਂ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
18 ਮਈ ਨੂੰ ਲੰਡਨ ਵਿੱਚ ਫਸੇ 41 ਭਾਰਤੀਆਂ ਨੂੰ ਲੈਣ ਗਿਆ ਇੱਕ ਚਾਰਟਰਡ ਜਹਾਜ਼ ਗਯਾ ਹਵਾਈ ਅੱਡੇ 'ਤੇ ਹੀ ਉਤਰਿਆ ਸੀ।
ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਕਾਰਨ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਮਿਆਂਮਾਰ ਤੋਂ ਤਕਰੀਬਨ 300 ਲੋਕ 22 ਅਪ੍ਰੈਲ ਨੂੰ ਚਾਰਟਰਡ ਉਡਾਣ ਵਿੱਚ ਆਪਣੇ ਦੇਸ਼ ਲਈ ਰਵਾਨਾ ਹੋਏ ਸਨ।