ਵਾਸ਼ਿੰਗਟਨ: ਅਫਗਾਨਿਸਤਾਨ ਦੇ ਪਕਤੀਆ ਸੂਬੇ 'ਚ ਚਾਰ ਦਿਨ ਪਹਿਲਾਂ ਇੱਕ ਸਿੱਖ ਵਿਅਕਤੀ ਨੂੰ ਅਗਵਾ ਕਰਨ ਦੀ ਮਾਮਲਾ ਸਾਹਮਣੇ ਆਇਆ ਸੀ। ਵਿਅਕਤੀ ਦੀ ਪਛਾਣ ਨਿਧਾਨ ਸਿੰਘ ਦੇ ਰੂਪ 'ਚ ਹੋਈ ਹੈ ਜੋ ਪਕਤੀਆ ਸੂਬੇ ਦੇ ਤਸਮਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਗੁਰਦੁਆਰੇ 'ਚ ਗੁਰੂਸੇਵਕ (ਸਹਾਇਕ) ਦੇ ਰੂਪ 'ਚ ਕੰਮ ਕਰਦਾ ਹੈ।
ਅਮਰੀਕਾ 'ਚ ਰਹਿਣ ਵਾਲੇ ਅਫਗਾਨ ਸਿੱਖ ਭਾਈਚਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਭਾਰਤ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਭਾਰਤ ਤੋਂ ਅਪੀਲ ਕੀਤੀ ਕਿ 600 ਤੋਂ ਵੱਧ ਸਿੱਖਾਂ ਨੂੰ ਸੁਰੱਖਿਅਤ ਪਨਾਹ ਦੇਣ ਲਈ ਵੰਦੇ ਭਾਰਤ ਮਿਸ਼ਨ ਅਧੀਨ ਖ਼ਾਸ ਪ੍ਰਬੰਧ ਕੀਤੇ ਜਾਣ।
ਨਿਊ ਜਰਸੀ 'ਚ ਅਫਗਾਨ ਸਿੱਖ ਭਾਈਚਾਰੇ ਦੇ ਮੁਖੀ ਪਰਮਜੀਤ ਸਿੰਘ ਬੇਦੀ ਨੇ ਕਿਹਾ, "ਮੈਂ ਸਿੱਖ ਸੰਸਦ ਨਰੇਂਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਨਿਧਾਨ ਸਿੰਘ ਦੀ ਮਦਦ ਕਰਨ ਅਤੇ ਉਸ ਨੂੰ ਲੱਭਣ ਦਾ ਭਰੋਸਾ ਦਵਾਇਆ ਹੈ।'
ਇਹ ਵੀ ਪੜ੍ਹੋ- ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦੀ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ, ਭਾਜਪਾ ਨੇ ਕੀਤਾ ਵਿਰੋਧ
ਬੇਦੀ ਨੇ ਅੱਗੇ ਕਿਹਾ, "ਨਰਿੰਦਰ ਸਿੰਘ ਨੇ ਵੀ ਤਾਲਿਬਾਨੀ ਆਗੂਆਂ ਤੱਕ ਆਪਣੀ ਪਹੁੰਚ ਬਣਾਈ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਉਸ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾਣਗੇ।" ਬੇਦੀ ਅਤੇ ਹੋਰ ਕਈ ਧੜਿਆਂ ਦੇ ਮੈਂਬਰ, ਸਾਬਕਾ ਸਫ਼ੀਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸੰਯੁਕਤ ਰਾਜ ਅਮਰੀਕਾ ਦੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਲਿਖਤੀ ਅਪੀਲ ਵੀ ਭੇਜਣਗੇ।
ਦੱਸਣਯੋਗ ਹੈ ਕਿ ਕਾਬੁਲ, ਜਲਾਲਾਬਾਦ, ਅਤੇ ਗਜਨੀ 'ਚ ਰਹਿੰਦੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਲਈ ਸਿੱਖ ਭਾਈਚਾਰਾ ਅਕਸਰ ਹੀ ਭਾਰਤ ਤੋਂ ਮਦਦ ਦੀ ਮੰਗ ਕਰਦਾ ਰਹਿੰਦਾ ਹੈ।
ਅਤੀਤ 'ਚ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਉਤਸ਼ਾਹਤ ਹੋ ਅਫਗਾਨ ਸਿੱਖ ਭਾਈਚਾਰੇ ਦੇ ਆਗੂਆਂ ਨੇ ਭਾਰਤ ਤੋਂ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਰਹਿਣ ਲਈ ਉਨ੍ਹਾਂ ਨੂੰ ਲੰਬੇ ਸਮੇਂ ਲਈ ਰੈਜ਼ੀਡੈਂਸੀ ਮਲਟੀਪਲ ਐਂਟਰੀ ਵੀਜ਼ਾ ਮੁੱਹਈਆ ਕਰਵਾਉਣ।