ਨਵੀਂ ਦਿੱਲੀ: ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨਿਆ ਗਾਂਧੀ ਸਮੇਤ ਗਾਂਧੀ ਪਰਿਵਾਰ ਤੋਂ ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਕਾਂਗਰਸ ਮੁੱਖ ਸਕਤਰ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਵਿੱਚ ਖਾਮੀ ਨਜ਼ਰ ਆਈ ਹੈ। ਸੀਆਰਪੀਐਫ ਸੁਰੱਖਿਆ ਦੇ ਬਾਵਜੂਦ ਇੱਕ ਵਿਅਕਤੀ ਕਾਰ ਲੈ ਕੇ ਪ੍ਰਿਯੰਕਾ ਗਾਂਧੀ ਦੇ ਘਰ ਵੜ ਗਿਆ ਸੀ।
ਜਾਣਕਾਰੀ ਮੁਤਾਬਕ ਇਹ ਘਟਨਾ 25 ਨਵੰਬਰ ਦੀ ਹੈ। ਪ੍ਰਿਯੰਕਾ ਗਾਂਧੀ ਦੇ ਦਫ਼ਤਰ ਨੇ ਸੀਆਰਪੀਐਫ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ। ਇੱਕ ਨਿਜੀ ਚੈਨਲ ਦੀ ਖ਼ਬਰ ਦੇ ਮੁਤਾਬਕ ਇੱਕ ਕੁੜੀ ਸਮੇਤ ਪੰਜ ਲੋਕ ਕਾਰ ਸਮੇਤ ਪ੍ਰਿਯੰਕਾ ਗਾਂਧੀ ਦੇ ਘਰ ਦੇ ਬਾਗ਼ ਨੇੜੇ ਵਰਾਂਡੇ ਵਿੱਚ ਦਾਖਲ ਹੋ ਗਏ ਸਨ।
ਇਸ ਤੋਂ ਬਾਅਦ ਉਹ ਸਾਰੇ ਕਾਰ ਤੋਂ ਹੇਠਾਂ ਉਤਰ ਗਏ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਫੋਟੋ ਖਿਚਵਾਉਣ ਲਈ ਕਹਿਣ ਲੱਗ ਪਏ। ਪ੍ਰਿਯੰਕਾ ਗਾਂਧੀ ਇਸ ਘਟਨਾ ਤੋਂ ਕਾਫ਼ੀ ਹੈਰਾਨ ਹੋਈ। ਉੱਥੇ ਹੀ ਸੀਆਰਪੀਐਫ ਨੂੰ ਇਹ ਪੁੱਛਿਆ ਗਿਆ ਹੈ ਕਿ ਕਿਵੇਂ ਵਿਜ਼ਟਰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਅੰਦਰ ਆਏ। ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਸੀਆਰਪੀਐਫ ਨੂੰ ਸੁਰੱਖਿਆ ਵਿੱਚ ਖਾਮੀ ਦਾ ਪਤਾ ਚੱਲਿਆ ਤਾਂ ਅਲਰਟ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰਿਯੰਕਾ ਗਾਂਧੀ, ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਐਸਪੀਜੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਅਤੇ ਉਨ੍ਹਾਂ ਨੂੰ ਜ਼ੈਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।