ਨਵੀਂ ਦਿੱਲੀ: ਵਿਸ਼ੇਸ਼ ਅਦਾਲਤ ਨੇ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਕੇਸ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਨਿਆਇਕ ਹਿਰਾਸਤ 11 ਦਸੰਬਰ ਤੱਕ ਵਧਾ ਦਿੱਤੀ ਹੈ।
ਚਿਦੰਬਰਮ ਨੇ ਅਦਾਲਤ ਵੱਲੋਂ ਈਡੀ ਦੀਆਂ ਦਲੀਲਾਂ ਨੂੰ ਰੱਦ ਕੀਤੇ ਜਾਣ ਦੇ ਬਾਵਜੂਦ ਜ਼ਮਾਨਤ ਅਰਜ਼ੀ ਰੱਦ ਹੋਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੀ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਚਿਦੰਬਰਮ ਦੀ ਤਰਫੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਤੀ ਕਿ 16 ਅਕਤੂਬਰ ਨੂੰ 60 ਦਿਨਾਂ ਬਾਅਦ ਵੀ ਸੀਬੀਆਈ ਨੇ ਚਾਰਜ ਸ਼ੀਟ ਦਾਇਰ ਨਹੀਂ ਕੀਤਾ, ਹੁਣ ਈਡੀ ਚਾਰਜਸ਼ੀਟ ਵੀ ਦਾਇਰ ਨਹੀਂ ਕਰ ਸਕੀ, ਇਸ ਲਈ ਇਸ ਕੇਸ ਵਿੱਚ ਵੀ ਜ਼ਮਾਨਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਦੇ ਤੌਰ ਉੱਤੇ ਚਿਦੰਬਰਮ ਦੇ ਕਾਰਜਕਾਲ ਦੌਰਾਨ 2007 ਵਿੱਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਪ੍ਰਾਪਤ ਕਰਨ ਲਈ ਆਈਐਨਐਕਸ ਮੀਡੀਆ ਗਰੁੱਪ ਨੂੰ ਵਿਦੇਸ਼ੀ ਨਿਵੇਸ਼ ਨੂੰ ਬੜ੍ਹਾਵਾ ਦੇਣ ਵਾਲੇ ਬੋਰਡ (ਐਫਆਈਪੀਬੀ) ਦੀ ਮਨਜ਼ੂਰੀ ਵਿੱਚ ਸੀ ਬੀ ਆਈ ਨੇ 15 ਮਈ, 2017 ਨੂੰ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਐਫਆਈਆਰ ਦਰਜ ਕੀਤੀ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਸਬੰਧ ਵਿੱਚ 2017 ਵਿੱਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ।