ਨਵੀਂ ਦਿੱਲੀ: ਰਾਜਧਾਨੀ ਵਿੱਚ ਬੀਤੇ ਦੋ ਦਿਨਾਂ ਤੋੰ ਚੱਲ ਰਹੀ ਹਿੰਸਾ ਨੂੰ ਖ਼ਤਮ ਕਰਨ ਲਈ ਹੁਣ ਖੁਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਗੇ ਆਏ ਹਨ। ਇਸੇ ਦੌਰਾਨ ਉਹ ਇਸ ਮਾਮਲੇ ਦੀ ਰਿਪੋਰਟ ਲੈਣ ਖੁਦ ਸੀਲਮਪੁਰ ਪੁੱਜੇ ਜਿੱਥੇ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ।
ਜਾਣਕਾਰੀ ਮੁਤਾਬਕ ਦਿੱਲੀ ਵਿੱਚ ਦੋ ਦਿਨ ਤੋਂ ਹੋ ਰਹੀ ਹਿੰਸਾ ਨੂੰ ਲੈ ਕੇ ਸਰਕਾਰ ਵੀ ਚਿੰਤਤ ਹੈ। ਇਹ ਹਿੰਸਾ ਉਸ ਸਮੇਂ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਿੱਲੀ ਵਿੱਚ ਹੀ ਮੌਜੂਦ ਸਨ। ਇਸ ਹਿੰਸਾ ਪਿੱਛੇ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖੁਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹੁਣ ਹਿੰਸਾ ਨੂੰ ਰੋਕਣ ਦੀ ਰਣਨੀਤੀ ਤਿਆਰ ਕਰ ਰਹੇ ਹਨ।
ਸੀਲਮਪੁਰ ਜਾ ਕੇ ਲਈ ਹਿੰਸਾ ਦੀ ਰਿਪੋਰਟ
ਅਜੀਤ ਡੋਵਾਲ ਮੰਗਲਵਾਰ ਨੂੰ ਦੇਰ ਰਾਤ ਸਿਲਮਪੁਰ ਵਿੱਚ ਡੀਸੀਪੀ ਦਫਤਰ ਪੁੱਜੇ ਜਿੱਥੇ ਬੈਠਕ ਵਿੱਚ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ, ਜੁਆਇੰਟ ਸੀਪੀ, ਡੀਸੀਪੀ ਸਣੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਉੱਥੇ ਉਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਤੋਂ ਸਥਿਤੀ ਦੀ ਜਾਣਕਾਰੀ ਲਈ।
ਉਸੇ ਸਮੇਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਹਿੰਸਾ ਕਿਵੇਂ ਹੋਈ। ਇਸ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ ਅਤੇ ਪੁਲਿਸ ਹਿੰਸਾ ਨੂੰ ਰੋਕਣ ਲਈ ਕੀ ਕਦਮ ਚੁੱਕ ਰਹੀ ਹੈ।
ਮੀਟਿੰਗ ਤੋਂ ਬਾਅਦ ਅਜੀਤ ਡੋਵਾਲ ਦੇ ਨਾਲ ਕਮਿਸ਼ਨਰ ਅਮੂਲਿਆ ਪਟਨਾਇਕ ਅਤੇ ਵਿਸ਼ੇਸ਼ ਸੀਪੀ ਨੇ ਉਨ੍ਹਾਂ ਨਾਲ ਜਾਫ਼ਰਾਬਾਦ, ਮੌਜਪੁਰ ਭਜਨਪੁਰਾ ਅਤੇ ਚੰਦ ਬਾਗ ਦਾ ਦੌਰਾ ਕਰਕੇ ਇਲਾਕਿਆਂ ਦਾ ਨਿਰੀਖਣ ਕੀਤਾ।