ਨਵੀਂ ਦਿੱਲੀ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਪੰਜਾਬ ਰਾਜ ਨਾਲ ਸਬੰਧਤ ਕਈਂ ਅਹਿਮ ਮਸਲੇ ਪ੍ਰਧਾਨ ਮੰਤਰੀ ਕੋਲ ਚੁੱਕੇ।
ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਅੱਧੇ ਘੰਟੇ ਦੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਵਿਦੇਸ਼ੀ ਲਾੜਿਆਂ ਵੱਲੋਂ ਵਿਆਹ ਕੇ ਛੱਡੀਆਂ ਗਈਆਂ ਕੁੜੀਆਂ ਦਾ ਮੁੱਦਾ ਵਿਸ਼ੇਸ਼ ਤੌਰ ਤੇ ਉਠਾਇਆ ਤੇ ਮੰਗ ਕੀਤੀ ਕਿ ਇਸ ਸਬੰਧੀ ਕੋਈ ਅਜਿਹੀ ਨੀਤੀ ਤਿਆਰ ਕੀਤੀ ਜਾਵੇ ਕਿ ਕੋਈ ਵੀ ਐੱਨ.ਆਰ.ਆਈ. ਦੇਸ਼ ਦੀ ਲੜਕੀਆਂ ਨਾਲ ਵਿਆਹ ਦੇ ਨਾਂਅ ਤੇ ਧੋਖਾ ਨਾ ਕਰ ਸਕੇ।


ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਗੀਤਾਂ ਤੇ ਫਿਲਮਾਂ ਰਾਹੀਂ ਔਰਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਵੀ ਮਸਲਾ ਚੁੱਕਿਆ ਤੇ ਮੰਗ ਕੀਤੀ ਕਿ ਹਰੇਕ ਰਾਜ ਵਿੱਚ ਗੀਤਾਂ ਲਈ ਫਿਲਮਾਂ ਦੀ ਤਰਜ਼ 'ਤੇ ਇੱਕ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਜਾਵੇ ਤੇ ਬੋਰਡ 'ਚ ਮਹਿਲਾ ਕਮਿਸ਼ਨ ਦੀ ਪ੍ਰਤੀਨਿੱਧ ਨੂੰ ਜਰੂਰ ਸ਼ਾਮਲ ਕੀਤਾ ਜਾਵੇ। ਗੁਲਾਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨੀਂ ਪੰਜਾਬ ਰਾਜ ਕਮਿਸ਼ਨ ਵੱਲੋਂ ਗਾਇਕ ਹਨੀ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਵਲੋਂ ਸਮੁੱਚੀ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਗਿਆ ਕਿ ਇਨ੍ਹਾਂ ਮਸਲਿਆਂ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।