ਰੁਦਰਪ੍ਰਯਾਗ: ਮਸ਼ਹੂਰ ਕੇਦਾਰਨਾਥ ਧਾਮ ਦੇ ਕਪਾਟ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਬਾਬਾ ਦੀ ਪੰਚਮੁਖੀ ਡੋਲੀ ਬਰਫ਼ਬਾਰੀ ਦੇ ਵਿਚਕਾਰ ਸਰਦੀਆਂ ਦੇ ਪਰਵਾਸ ਲਈ ਰਵਾਨਾ ਹੋਈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਪਲ ਦੇ ਗਵਾਹ ਬਣੇ।
ਕੇਦਾਰਨਾਥ ਧਾਮ ਦੇ ਕਪਾਟ ਅੱਜ ਸਵੇਰੇ 8:30 ਵਜੇ ਵਿਸ਼ੇਸ਼ ਪੂਜਾ ਨਾਲ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਹੁਣ ਓਮਕਾਰੇਸ਼ਵਰ ਮੰਦਰ ਵਿੱਚ ਬਾਬਾ ਕੇਦਾਰ ਦੇ ਦਰਸ਼ਨ ਹੋਣਗੇ। ਬਾਬਾ ਦੀ ਡੋਲੀ ਅੱਜ ਪਹਿਲੇ ਪੜਾਅ ਵਿੱਚ ਰਾਮਪੁਰ ਪਹੁੰਚੇਗੀ। ਜਦੋਂ ਕਿ, 17 ਨਵੰਬਰ ਯਾਨੀ ਕੱਲ ਵਿਸ਼ਵਨਾਥ ਮੰਦਿਰ ਗੁਪਤਕਾਸ਼ੀ ਅਤੇ 18 ਨਵੰਬਰ ਨੂੰ ਉਤਸਵ ਡੋਲੀ ਓਮਕਾਰੇਸ਼ਵਰ ਮੰਦਰ ਉਖੀਮਠ ਪਹੁੰਚੇਗੀ।
ਕਪਾਟ ਬੰਦ ਹੋਣ ਦੇ ਮੌਕੇ ਤੇ ਧਾਮ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਭਾਰੀ ਬਰਫ਼ਬਾਰੀ ਦਾ ਅਨੰਦ ਲਿਆ। ਉਥੇ ਹੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਰਫ਼ਬਾਰੀ ਦੇ ਦੌਰਾਨ ਫੋਟੋਆਂ ਖਿਚਵਾਇਆਂ। ਮੀਂਹ ਅਤੇ ਬਰਫ਼ਬਾਰੀ ਕਾਰਨ ਦੋਵੇਂ ਮੁੱਖ ਮੰਤਰੀ ਕੇਦਾਰਨਾਥ ਵਿੱਚ ਹੀ ਹਨ। ਇਸ ਵਾਰ ਇੱਕ ਲੱਖ 35 ਹਜ਼ਾਰ ਤੋਂ ਵੱਧ ਸ਼ਰਧਾਲੂ ਭਗਵਾਨ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਪਹੁੰਚੇ।
ਦੱਸ ਦੱਈਏ ਕਿ ਗੰਗੋਤਰੀ ਧਾਮ ਦੇ ਕਪਾਟ 15 ਨਵੰਬਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਹੋ ਗਏ ਹਨ। ਯਮੁਨੋਤਰੀ ਧਾਮ ਦੇ ਕਪਾਟ ਅੱਜ ਬੰਦ ਹੋ ਗਏ। ਜਦਕਿ 19 ਨਵੰਬਰ ਨੂੰ ਦੁਪਹਿਰ 3:35 ਵਜੇ ਬਦਰੀਨਾਥ ਧਾਮ ਦੇ ਕਪਾਟ ਬੰਦ ਹੋ ਜਾਣਗੇ। ਇਸ ਦੇ ਨਾਲ ਹੀ, ਦੂਜੇ ਕੇਦਾਰ ਮਦਮਾਹੇਸ਼ਵਰ ਦੇ ਕਪਾਟ ਵੀ 19 ਨਵੰਬਰ ਨੂੰ ਸਵੇਰੇ 7 ਵਜੇ ਬੰਦ ਹੋ ਰਹੇ ਹਨ।