ਨਵੀਂ ਦਿੱਲੀ: ਜੇਲ੍ਹ 'ਚ ਬੰਦ ਆਈਐੱਨਐੱਕਸ ਮੀਡੀਆ ਦੀ ਸਹਿ-ਸੰਸਥਾਪਕ ਇੰਦਰਾਣੀ ਮੁਖਰਜੀ ਨੇ ਵੀਰਵਾਰ ਨੂੰ ਕਿਹਾ ਕਿ 'ਇਹ ਚੰਗੀ ਖ਼ਬਰ ਹੈ ਕਿ ਸਾਬਕਾ ਵਿੱਤ ਮੰਤਰੀ ਪੀ. ਚਿਬੰਦਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ'। ਆਈਐੱਨਐੱਕਸ ਮੀਡੀਆ ਕੇਸ ਵਿੱਚ ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਉਹ ਸੀਬੀਆਈ ਹਿਰਾਸਤ ਵਿੱਚ ਹਨ।
ਦੱਸਣਯੋਗ ਹੈ ਕਿ ਚਿਦੰਬਰਮ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਰਾਹੀਂ 20 ਅਗਸਤ ਨੂੰ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਅਦਾਲਤ ਨੇ ਆਈਐੱਨਐੱਕਸ ਮੀਡੀਆ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਅਗਾਊਂ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਹ ਕੇਸ ਸੀਬੀਆਈ ਅਤੇ ਈਡੀ ਦੁਆਰਾ ਦਰਜ ਕੀਤਾ ਗਿਆ ਸੀ।
ਸੀਬੀਆਈ ਨੇ 15 ਮਈ 2017 ਨੂੰ ਇੱਕ ਐੱਫ਼ਆਈਆਰ ਦਰਜ ਕਰਦੇ ਹੋਏ ਦੋਸ਼ ਲਾਇਆ ਸੀ ਕਿ 2007 ਵਿੱਚ ਵਿੱਤ ਮੰਤਰੀ ਚਿਦੰਬਰਮ ਦੇ ਕਾਰਜਕਾਲ ਦੌਰਾਨ ਆਈਐੱਨਐੱਕਸ ਮੀਡੀਆ ਸਮੂਹ ਨੂੰ ਵਿਦੇਸ਼ਾਂ ਤੋਂ 305 ਕਰੋੜ ਦਾ ਨਿਵੇਸ਼ ਪ੍ਰਾਪਤ ਕਰਨ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਵਿੱਚ ਬੇਨਿਯਮੀਆਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਸੀ।
ਇੰਦਰਾਣੀ ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਸਰਕਾਰੀ ਗਵਾਹ ਬਣ ਗਈ ਅਤੇ ਉਸਨੇ ਆਪਣੇ ਬਿਆਨ ਵਿੱਚ ਚਿਦੰਬਰਮ ਅਤੇ ਉਸਦੇ ਬੇਟੇ ਕੀਰਤੀ ਚਿਦੰਬਰਮ ਦਾ ਨਾਂਅ ਲਿਆ ਸੀ। ਇੰਦਰਾਣੀ ਅਤੇ ਉਸ ਦਾ ਪਤੀ ਪੀਟਰ ਮੁਖਰਜੀ ਇਸ ਸਮੇਂ ਸ਼ੀਨਾ ਬੋਰਾ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।