ਨਵੀਂ ਦਿੱਲੀ : ਰਾਜਧਾਨੀ ਵਿੱਚ ਸੈਰ ਸਪਾਟਾ ਮੰਤਰਾਲੇ ਵੱਲੋਂ ਦੇਸ਼ ਦੇ ਹਰ ਸੂਬੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਇੱਕੋਂ ਮੰਚ ਉੱਤੇ ਵਿਖਾਉਣ ਲਈ ਪ੍ਰਯਟਕ ਪਰਵ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰਯਟਕ ਪਰਵ ਮੇਲੇ ਦਾ ਉਦਘਾਟਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੀਤਾ।
ਇਹ ਪਰਵ ਰਾਜਪਥ ਮੈਦਾਨ ਵਿਖੇ 2 ਅਕਤੂਬਰ ਤੋਂ 6 ਅਕਤੂਬਰ ਤੱਕ ਆਯੋਜਿਤ ਕੀਤਾ ਗਿਆ ਹੈ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਕੁੱਲ 76 ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚ ਹੈਂਡਲੂਮ, ਦਸਤਕਾਰੀ ਦੀਆਂ ਚੀਜਾਂ ਅਤੇ ਵੱਖ-ਵੱਖ ਸੂਬਿਆਂ ਦੇ ਖਾਣੇ ਦੇ ਵਿਸ਼ੇਸ਼ ਸਟਾਲ ਲਗਾਏ ਗਏ ਹਨ।
ਪੰਜਾਬੀ ਖਾਣੇ ਲਈ ਲੋਕਾਂ 'ਚ ਉਤਸ਼ਾਹ :
ਪੰਜਾਬ ਦੇ ਸਟਾਲ ਬਾਰੇ ਜਾਣਕਾਰੀ ਦਿੰਦੇ ਟੂਰਿਜ਼ਮ ਅਫਸਰ ਰੌਸ਼ਨੀ ਪੁਰੀ ਨੇ ਦੱਸਿਆ ਕਿ ਪੰਜਾਬ ਸਟਾਲ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਟਾਲ ਉੱਤੇ ਪੰਜਾਬੀ ਖਾਣੇ ਅਤੇ ਫੁਲਕਾਰੀ ਆਦਿ ਨੂੰ ਪ੍ਰਦਰਸ਼ਤ ਕੀਤਾ ਗਿਆ। ਪੰਜਾਬ ਦਾ ਸਟਾਲ ਵੇਖਣ ਆਏ ਲੋਕਾਂ ਵਿੱਚ ਪੰਜਾਬੀ ਖਾਣੇ ਲਈ ਉਤਸ਼ਾਹ ਵੇਖਣ ਨੂੰ ਮਿਲਿਆ। ਲੋਕਾਂ ਵੱਲੋਂ ਵੱਖ-ਵੱਖ ਚੀਜ਼ਾਂ ਦੀ ਖ਼ਰੀਦਾਰੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਸਾਲ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀਐਮ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
ਪੰਜਾਬ ਦੇ ਸਟਾਲ ਵਿੱਚ ਆਏ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦਾ ਸਟਾਲ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਇੱਥੇ ਹਾਜ਼ਰ ਅਫ਼ਸਰ ਵੀ ਚੰਗੀ ਤਰ੍ਹਾਂ ਜਾਣਕਾਰੀ ਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਦੇ ਸਟਾਲ ਦਾ ਥੀਮ ਬਣਾ ਕੇ ਵਿਭਾਗ ਨੇ ਆਉਣ ਵਾਲੇ ਲੋਕਾਂ ਦਾ ਦਿਲ ਜਿੱਤ ਲਿਆ ਹੈ।