ਚੰਡੀਗੜ੍ਹ: 'ਕਲੀਆਂ ਦੇ ਬਾਦਸ਼ਾਹ' ਮੰਨੇ ਜਾਂਦੇ ਰਹੇ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਉਨ੍ਹਾਂ ਦੇ ਪ੍ਰਤਿਭਾਸ਼ਾਲੀ ਦੋਹਤੇ ਹਸਨ ਮਾਣਕ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ।
ਹੁਣ ਇਹ ਗਾਇਕ ਇੱਕ ਵੱਡੇ ਵਿਵਾਦ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ। ਦਰਅਸਲ, ਗਾਇਕ ਦੀ ਪਹਿਲੀ ਪਤਨੀ ਮਨਦੀਪ ਕੌਰ ਅਤੇ ਉਸਦੀ ਵਕੀਲ ਨੇ ਕਿਹਾ ਹੈ ਕਿ ਹਸਨ ਮਾਣਕ ਨੇ ਦੂਜਾ ਵਿਆਹ ਕਰਵਾ ਲਿਆ ਹੈ, ਹਾਲਾਂਕਿ ਜਦੋਂ ਸਾਡੀ ਟੀਮ ਨੇ ਗਾਇਕ ਹਸਨ ਮਾਣਕ ਨਾਲ ਗੱਲਬਾਤ ਕੀਤੀ ਤਾਂ ਉਹ ਸਾਫ਼ ਮਨ੍ਹਾ ਕਰਦੇ ਨਜ਼ਰੀ ਪਏ।
ਕੀ ਨੇ ਹਸਨ ਮਾਣਕ ਦੀ ਪਹਿਲੀ ਪਤਨੀ ਦੇ ਇਲਜ਼ਾਮ
ਤੁਹਾਨੂੰ ਦੱਸ ਦੇਈਏ ਕਿ ਜਦੋਂ ਇਸ ਪੂਰੇ ਮਾਮਲੇ ਸੰਬੰਧੀ ਹਸਨ ਮਾਣਕ ਦੀ ਪਹਿਲੀ ਪਤਨੀ ਮਨਦੀਪ ਕੌਰ ਅਤੇ ਉਸਦੀ ਵਕੀਲ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਹਸਨ ਮਾਣਕ ਪੁੱਤਰ ਭੋਲਾ ਖਾਨ ਵਾਸੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਨੇ ਉਸਦੀ ਕੁੱਟਮਾਰ ਕਰਕੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਇੱਕ ਵਿਦੇਸ਼ ਵਿੱਚ ਰਹਿੰਦੀ ਲੜਕੀ ਨਾਲ ਬੰਗਾ ਦੀ ਇੱਕ ਪੈਲਿਸ ਵਿੱਚ ਵਿਆਹ ਕਰਵਾਇਆ ਹੈ ਅਤੇ ਬੰਗਾ ਦੇ ਹੀ ਗੁਰੂਘਰ ਮਾਤਾ ਸਾਹਿਬ ਕੌਰ ਵਿੱਚ ਹੀ ਇਸ ਨੇ ਆਨੰਦ ਕਾਰਜ ਵੀ ਕਰਵਾਏ। ਇਸ ਸੰਬੰਧੀ ਉਨ੍ਹਾਂ ਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਵਿਆਹ ਸੰਬੰਧੀ ਕੀ ਬੋਲੇ ਗ੍ਰੰਥੀ
ਇਸ ਤੋਂ ਇਲਾਵਾ ਜਦੋਂ ਅਸੀਂ ਗੁਰੂ ਘਰ ਦੇ ਗ੍ਰੰਥੀ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਸਨ ਮਾਣਕ ਅਤੇ ਜਸਪ੍ਰੀਤ ਕੌਰ ਦਾ ਵਿਆਹ ਸਿੱਖ ਮਰਿਆਦਾ ਅਨੁਸਾਰ ਇੱਥੇ ਹੋਇਆ ਹੈI ਇਸ ਤੋਂ ਇਲਾਵਾ ਗ੍ਰੰਥੀ ਸਾਹਿਬ ਨੇ ਇਹ ਵੀ ਦੱਸਿਆ ਕਿ ਬਰਾਤ ਵਿੱਚ 30 ਦੇ ਲਗਭਗ ਬੰਦੇ ਮੌਜੂਦ ਸਨ।
ਮਾਮਲੇ ਸੰਬੰਧੀ ਕੀ ਬੋਲੀ ਪੁਲਿਸ
ਇਸ ਪੂਰੇ ਮਾਮਲੇ ਉਤੇ ਹਰਜੀਤ ਸਿੰਘ ਡੀਐਸਪੀ ਬੰਗਾ ਨੇ ਦੱਸਿਆ ਕਿ ਹਸਨ ਮਾਣਕ ਦੀ ਪਹਿਲੀ ਪਤਨੀ ਮਨਦੀਪ ਕੌਰ ਪੁੱਤਰੀ ਮੱਖਣ ਪਿੰਡ ਵਹਿਮਨ ਕੌਰ ਸਿੰਘ ਜ਼ਿਲ੍ਹਾਂ ਬਠਿੰਡਾ ਨੇ ਬੰਗਾ ਸਿਟੀ ਥਾਣੇ ਵਿੱਚ ਆ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅੱਗੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪੂਰੇ ਮਾਮਲੇ ਉਤੇ ਕੀ ਬੋਲੇ ਹਸਨ ਮਾਣਕ
ਉਲੇਖਯੋਗ ਹੈ ਕਿ ਇਸ ਪੂਰੇ ਮਾਮਲੇ ਉਤੇ ਅਤੇ ਆਪਣੇ ਉਤੇ ਲੱਗੇ ਇਲਜ਼ਾਮਾਂ ਬਾਰੇ ਬੋਲਦੇ ਹੋਏ ਗਾਇਕ ਹਸਨ ਮਾਣਕ ਨੇ ਕਿਹਾ ਕਿ ਅਸੀਂ ਪੁਲਿਸ ਥਾਣੇ ਵਿੱਚ ਆਪਣੇ ਘਰੇਲੂ ਵਿਵਾਦ ਕਾਰਨ ਆਏ ਹਾਂ। ਇਸ ਤੋਂ ਇਲਾਵਾ ਉਨ੍ਹਾਂ ਦੇ ਦੂਜੇ ਵਿਆਹ ਬਾਰੇ ਸਾਫ਼ ਮਨ੍ਹਾ ਕੀਤਾ ਹੈ।
ਗਾਇਕ ਹਸਨ ਮਾਣਕ ਬਾਰੇ
ਪੰਜਾਬ ਤੋਂ ਲੈ ਕੇ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਆਪਣੀ ਸ਼ਾਨਦਾਰ ਗਾਇਨ ਕਲਾ ਦਾ ਮੁਜ਼ਾਹਰਾ ਕਰ ਚੁੱਕੇ ਹਸਨ ਮਾਣਕ ਦੇ ਹੁਣ ਤੱਕ ਗਾਏ ਕਈ ਗੀਤ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਰਾਣੋ', 'ਬੇਗਾਨੇ ਪੁੱਤ', 'ਬਣਾਉਟੀ ਯਾਰ', 'ਜਾ ਨੀ' ਆਦਿ ਸ਼ੁਮਾਰ ਰਹੇ ਹਨ।
ਇਹ ਵੀ ਪੜ੍ਹੋ: