ਲੁਧਿਆਣਾ: ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਦਿੱਲੀ ਵਿੱਚ ਪਿਛਲੇ 10 ਸਾਲਾਂ ਤੋਂ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੇ 50 ਤੋਂ ਵੱਧ ਸੀਟਾਂ ਲੈ ਕੇ ਦਿੱਲੀ ਵਿੱਚ ਚੌਥੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ, ਪਰ ਰੁਝਾਨਾਂ ਮੁਤਾਬਿਕ ਇਸ ਵੇਲੇ ‘ਆਪ’ ਦੀ ਸਥਿਤੀ ਕਮਜ਼ੋਰ ਹੈ ਤੇ ਭਾਜਪਾ ਪੂਰਨ ਬਹੁਮਤ ਨਾਲ ਜਿੱਤ ਦੇ ਨੇੜੇ ਹੈ।
ਪੰਜਾਬ ਭਾਜਪਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ
ਦੱਸ ਦਈਏ ਕਿ ਦਿੱਲੀ ਦੇ ਵਿੱਚ ਕਮਲ ਖਿੜਨ ਜਾ ਰਿਹਾ ਹੈ ਅਤੇ ਲਗਾਤਾਰ ਭਾਜਪਾ ਲੀਡ ਵੱਲ ਵੱਧ ਰਹੀ ਹੈ। ਇਸ ਨੂੰ ਲੈ ਕੇ ਭਾਜਪਾ ਦੇ ਖੇਮੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਭਾਜਪਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਵਿਖੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ''ਜੋ ਵਾਅਦੇ ਅਰਵਿੰਦ ਕੇਜਰੀਵਾਲ ਨੇ ਪਿਛਲੇ ਸਾਲਾਂ ਦੇ ਵਿੱਚ ਨਹੀਂ ਨਿਭਾਏ, ਦਿੱਲੀ ਦੀ ਜਨਤਾ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਿਹਤ, ਸਿੱਖਿਆ ਅਤੇ ਇੰਫਰਾਸਟਰਕਚਰ ਦਾ ਨਾਰਾ ਦਿੰਦੇ ਸਨ, ਉਹ ਸਾਰੇ ਫੇਲ੍ਹ ਹੋਏ ਹਨ। ਜਿਸ ਕਰਕੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ।''
ਲੋਕਾਂ ਨੇ ਭਾਜਪਾ 'ਤੇ ਵਿਸ਼ਵਾਸ ਜਤਾਇਆ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਇਸ ਦਾ ਅਸਰ ਪੰਜਾਬ ਦੇ ਉੱਤੇ ਵੀ ਪਏਗਾ। ਉਨ੍ਹਾਂ ਨੇ ਕਿਹਾ ਕਿ ''ਦਿੱਲੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਰਾਜਨੀਤੀ ਵਿੱਚੋਂ ਆਮ ਆਦਮੀ ਪਾਰਟੀ ਦਾ ਚੈਪਟਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜੋ ਦਾਅਵੇ ਕਰਦੇ ਸਨ ਕਿ ਸਾਡੇ ਉਮੀਦਵਾਰਾਂ ਨੂੰ ਖਰੀਦਿਆ ਜਾ ਰਿਹਾ ਹੈ। ਉਹ ਦਾਅਵੇ ਹੁਣ ਫੇਲ੍ਹ ਵਿਖਾਈ ਦੇ ਰਹੇ ਹਨ।'' ਅਨਿਲ ਸਰੀਨ ਨੇ ਕਿਹਾ ਕਿ ਭਾਜਪਾ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਸਾਰੇ ਪੂਰੇ ਕੀਤੇ ਹਨ। ਇਸੇ ਕਰਕੇ ਲੋਕਾਂ ਨੇ ਭਾਜਪਾ 'ਤੇ ਵਿਸ਼ਵਾਸ ਜਤਾਇਆ ਹੈ। 27 ਸਾਲ ਬਾਅਦ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਰਹੀ ਹੈ, ਜਿਸ 'ਤੇ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ।