ਨਵੀਂ ਦਿੱਲੀ: ਰਾਜਧਾਨੀ ਵਿੱਚ ਤਾਲਾਬੰਦੀ ਲੱਗਣ ਤੋਂ ਬਾਅਦ ਅਜਿਹੇ ਲੋਕਾਂ ਨੂੰ ਲਗਾਤਾਰ ਖਾਣਾ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਭੋਜਨ ਨਹੀਂ ਹੈ। ਇਸ ਉਪਰਾਲੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵੱਡੀ ਭੂਮਿਕਾ ਨਿਭਾ ਰਿਹਾ ਹੈ। ਗੁਰਦੁਆਰਾ ਸਾਹਿਬ ਤੋਂ 50 ਲੱਖ ਤੋਂ ਵੱਧ ਲੋਕਾਂ ਨੂੰ ਲੰਗਰ ਛੱਕਾਇਆ ਜਾ ਰਿਹਾ ਹੈ। ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਨਵੀਂ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਸੋਮਵਾਰ ਨੂੰ ਪੁਲਿਸ ਦੀਆਂ ਗੱਡੀਆਂ ਨੇ ਹੁਟਰ ਵਜਾਉਂਦੇ ਹੋਏ ਗੁਰਦੁਆਰਾ ਦੀ ਪਰਿਕ੍ਰਮਾ ਕੀਤੀ, ਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਨਵੀਂ ਦਿੱਲੀ ਦੇ ਡੀਸੀਪੀ ਈਸ਼ ਸਿੰਘਲ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਲੋਕਾਂ ਨੂੰ ਬੰਗਲਾ ਸਾਹਿਬ ਦੇ ਗੁਰਦੁਆਰੇ ਤੋਂ ਲਗਾਤਾਰ ਲੰਗਰ ਛਕਾਇਆ ਜਾ ਰਿਹਾ ਹੈ। ਇਸ ਕਾਰਜ ਲਈ ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ। ਇਸ ਲਈ, ਅੱਜ ਨਵੀਂ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕ੍ਰਮਾ ਕਰਦਿਆਂ ਹੋਏ ਇਥੇ ਦੇ ਪ੍ਰਬੰਧਨ ਦਾ ਧੰਨਵਾਦ ਕੀਤਾ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਵਧੇਰੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਉਹ ਸਮਾਂ ਹੈ ਜਦੋਂ ਸਾਨੂੰ ਮਨੁੱਖਤਾ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਸੰਕਟ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ।