ਹੈਦਰਾਬਾਦ: ਦੇਵੀਪਟਨਮ ਨੇੜੇ ਗੋਦਾਵਰੀ ਨਦੀ ਵਿੱਚ ਕਿਸ਼ਤੀ ਦੇ ਟਕਰਾਉਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਅਜੇ ਤੱਕ ਵੀ ਲਾਪਤਾ ਹਨ। ਕਿਸ਼ਤੀ ਵਿੱਚ 62 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਟੂਰਿਜ਼ਮ ਬੋਰਡ ਵੱਲੋਂ ਚਲਾਈ ਗਈ ਕਿਸ਼ਤੀ ਵਿੱਚ 63 ਲੋਕ ਸਵਾਰ ਸਨ ਅਤੇ ਉਨ੍ਹਾਂ ਵਿਚੋਂ 23 ਨੂੰ ਬਚਾ ਲਿਆ ਗਿਆ ਹੈ।
ਐਨਡੀਆਰਐਫ ਦੀਆਂ 2 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ। ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓਐਨਜੀਸੀ) ਦੇ ਹੈਲੀਕਾਪਟਰਾਂ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਬੁਲਾਇਆ ਗਿਆ ਹੈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਨੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਅਜਿਹੀ ਹੀ ਘਟਨਾ 2 ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਗਣੇਸ਼ ਵਿਸਰਜਨ ਦੌਰਾਨ ਵਾਪਰੀ ਸੀ, ਇਸ 'ਚ 12 ਲੋਕਾਂ ਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।
ਆਂਧਰਾ ਪ੍ਰਦੇਸ਼ ਦੇ ਸੀਐਮ ਜਗਨਮੋਹਨ ਰੈਡੀ ਨੇ ਜ਼ਿਲ੍ਹੇ ਦੇ ਸਾਰੇ ਮੰਤਰੀਆਂ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਸ ਖੇਤਰ ਦੀਆਂ ਸਾਰੀਆਂ ਬੋਟਿੰਗ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਗੋਦਾਵਰੀ ਨਦੀਂ ਦੇ ਪਾਣੀ ਦਾ ਪਧੱਰ ਕਾਫੀ ਵੱਧ ਗਿਆ ਹੈ।