ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਹੋਈ ਝੜਪ ਦੌਰਾਨ ਇੱਕ ਸਿੱਖ ਵਿਅਕਤੀ ਨਾਲ ਦੁਰਵਿਵਹਾਰ ਅਤੇ ਦਸਤਾਰ ਉਤਾਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਵੱਲੋਂ ਪੱਛਮੀ ਬੰਗਾਲ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਜਾ ਰਹੀ ਹੈ। ਹੁਣ ਪੱਛਮੀ ਬੰਗਾਲ ਦੇ ਗ੍ਰਹਿ ਵਿਭਾਗ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਹੈ ਅਤੇ ਭਾਜਪਾ 'ਤੇ ਇਸ ਮਾਮਲੇ ਨੂੰ ਫਿਰਕੂ ਰੰਗ ਦੇਣ ਦਾ ਦੋਸ਼ ਲਾਇਆ ਹੈ।
ਪੱਛਮੀ ਬੰਗਾਲ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਪੱਛਮੀ ਬੰਗਾਲ ਵਿੱਚ ਸਾਡੇ ਸਿੱਖ ਭਰਾ ਅਤੇ ਭੈਣ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਵਿੱਚ ਰਹਿੰਦੇ ਹਨ। ਅਸੀਂ ਸਾਰੇ ਉਨ੍ਹਾਂ ਦੇ ਵਿਸ਼ਵਾਸ ਅਤੇ ਧਾਰਮਿਕ ਭਾਵਨਾ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਇਸ ਘਟਨਾ ਦੀ ਸਫ਼ਾਈ ਦਿੰਦੇ ਹੋਏ ਕਿਹਾ ਜਿਸ ਸਿੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੇ ਅੰਦੋਲਨ ਦੌਰਾਨ ਹਥਿਆਰ ਰੱਖਿਆ ਹੋਇਆ ਸੀ, ਜਿਸ ਦੀ ਇਜਾਜ਼ਤ ਨਹੀਂ ਸੀ। ਇਸ ਪੱਖ ਨੂੰ ਪੱਖਪਾਤੀ ਅਤੇ ਫੁੱਟ ਪਾਉਣ ਵਾਲੇ ਹਿੱਤਾਂ ਦੀ ਪੂਰਤੀ ਲਈ ਸਾਂਝੇ ਤੌਰ 'ਤੇ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ। "
ਬੀਜੇਪੀ ਦਾ ਨਾਮ ਲਏ ਬਿਨਾਂ ਬੰਗਾਲ ਸਰਕਾਰ ਨੇ ਕਿਹਾ, “ਇੱਕ ਰਾਜਨੀਤਿਕ ਪਾਰਟੀ ਇਸ ਮਾਮਲੇ ਨੂੰ ਫਿਰਕਾਪ੍ਰਸਤ ਰੰਗ ਦੇ ਰਹੀ ਹੈ ਤਾਂ ਜੋ ਆਪਣੇ ਮਾੜੇ ਹਿੱਤਾਂ ਦੀ ਪੂਰਤੀ ਕੀਤੀ ਜਾ ਸਕੇ। ਪੋਲੀਸਿੰਗ ਕਾਨੂੰਨ ਦੇ ਦਾਇਰੇ ਵਿੱਚ ਕੀਤੀ ਗਈ ਸੀ। ਪੱਛਮੀ ਬੰਗਾਲ ਸਰਕਾਰ ਸਿੱਖ ਪੰਥ ਦੇ ਸਰਵ ਉੱਚ ਸਨਮਾਨ ਅਤੇ ਤਰੀਕਿਆਂ ਲਈ ਵਚਨਬੱਧ ਹੈ।”