ਚੰਡੀਗੜ੍ਹ/ਹੈਦਰਾਬਾਦ: ਰਾਜਸਥਾਨ ਵਿੱਚ ਇੱਕ ਹਫ਼ਤੇ ਤੋਂ ਸਿਆਸੀ ਘਮਾਸਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕਾਂਗਰਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇੰਨਾ ਹੀ ਨਹੀਂ ਕਾਂਗਰਸ ਨੇ ਬਾਗ਼ੀ ਵਿਧਾਇਕਾਂ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਾਰੇ ਰਾਜਨੀਤਿਕ ਘਟਨਾਕ੍ਰਮ ਨੂੰ ਵੇਖਦਿਆਂ, ਹਰਿਆਣਾ ਕਾਂਗਰਸ ਦੇ ਉਸ ਦੌਰ ਦੀ ਯਾਦ ਆ ਗਈ ਜਦੋਂ ਭੁਪਿੰਦਰ ਹੁੱਡਾ ਅਤੇ ਅਸ਼ੋਕ ਤੰਵਰ ਦੇ ਧੜੇ ਹਰਿਆਣਾ ਕਾਂਗਰਸ ਵਿੱਚ ਆਹਮੋ-ਸਾਹਮਣੇ ਸਨ।
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤਤਕਾਲੀ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਭੁਪਿੰਦਰ ਹੁੱਡਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। ਬਾਅਦ ਵਿੱਚ ਅਸ਼ੋਕ ਤੰਵਰ ਨੇ ਕਾਂਗਰਸ ਹਾਈ ਕਮਾਂਡ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਈਟੀਵੀ ਭਾਰਤ ਨੇ ਅਸ਼ੋਕ ਤੰਵਰ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਅਤੇ ਰਾਜਸਥਾਨ ਦੀ ਸਿਆਸੀ ਸੰਕਟ ਬਾਰੇ ਆਪਣੀ ਰਾਏ ਸਾਂਝੀ ਕੀਤੀ।
ਹਾਸ਼ੀਏ 'ਤੇ ਚੱਲ ਰਹੀ ਕਾਂਗਰਸ
ਸਾਬਕਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਅਤੇ ਇੱਕ ਸਮੇਂ ਤੱਕ ਕਾਂਗਰਸ ਨੇ ਦੇਸ਼ ਦੀ ਸੱਤਾ 'ਤੇ ਰਾਜ ਵੀ ਕੀਤਾ ਹੈ। ਅੱਜ ਉਹੀ ਕਾਂਗਰਸ ਹਾਸ਼ੀਏ 'ਤੇ ਚੱਲ ਰਹੀ ਹੈ। ਇਸ ਦੇ ਪਿੱਛੇ ਬਹੁਤ ਸਾਰੇ ਗੰਭੀਰ ਵਿਸ਼ੇ ਹਨ, ਜਿਨ੍ਹਾਂ ਬਾਰੇ ਗੱਲ ਕਰਨੀ ਬਹੁਤ ਮਹੱਤਵਪੂਰਨ ਹੈ।
'ਇਹ ਸੱਤਾ ਵਿੱਚ ਭਾਗੀਦਾਰੀ ਦੀ ਲੜਾਈ ਹੈ'
ਅਸ਼ੋਕ ਤੰਵਰ ਨੇ ਕਿਹਾ ਕਿ ਜਦੋਂ ਅਸੀਂ ਹਰਿਆਣਾ ਵਿੱਚ ਪਾਰਟੀ ਵਿਰੁੱਧ ਲੜਾਈ ਛੇੜੀ ਸੀ ਤਾਂ ਉਹ ਨਿਆਂ ਅਤੇ ਸਵੈ-ਮਾਣ ਲਈ ਸੀ, ਪਰ ਰਾਜਸਥਾਨ ਵਿੱਚ ਜੋ ਹੋ ਰਿਹਾ ਹੈ, ਉਹ ਸਰਕਾਰ ਬਣਨ ਤੋਂ ਬਾਅਦ ਸੱਤਾ ਦੀ ਲੜਾਈ ਹੈ। ਰਾਜਸਥਾਨ ਵਿੱਚ ਸੱਤਾ ਵਿੱਚ ਭਾਗੀਦਾਰੀ ਦੀ ਲੜਾਈ ਚੱਲ ਰਹੀ ਹੈ।
'ਚਾਹ 'ਚ ਪਈ ਮੱਖੀ ਵਾਂਗ ਬਾਹਰ ਸੁੱਟ ਦਿੰਦੀ ਹੈ ਕਾਂਗਰਸ'
ਕਾਂਗਰਸ 'ਤੇ ਹਮਲਾ ਕਰਦਿਆਂ ਅਸ਼ੋਕ ਤੰਵਰ ਨੇ ਕਿਹਾ ਕਿ ਕਾਂਗਰਸ ਵਿੱਚ ਬਹੁਤ ਸਾਰੇ ਦਾਗੀ ਨੇਤਾ ਹਨ, ਜਿਨ੍ਹਾਂ ਨੂੰ ਜਨਤਾ ਵਿੱਚ ਨਹੀਂ ਭੇਜਿਆ ਜਾ ਸਕਦਾ। ਅਜਿਹੀ ਸਥਿਤੀ ਵਿੱਚ ਪਾਰਟੀ ਉਨ੍ਹਾਂ ਨੂੰ ਤਿਆਰ ਕਰਦੀ ਹੈ ਜੋ ਸਾਫ ਅਕਸ ਵਾਲੇ ਹਨ। ਪਹਿਲਾਂ ਉਨ੍ਹਾਂ ਤੋਂ ਸਖ਼ਤ ਮਿਹਨਤ ਮਜ਼ਦੂਰੀ ਕਰਵਾਈ ਜਾਂਦੀ ਹੈ, ਪਰ ਬਾਅਦ ਵਿੱਚ ਜਦੋਂ ਨਤੀਜੇ ਕਾਂਗਰਸ ਦੇ ਹੱਕ ਵਿੱਚ ਹੁੰਦੇ ਹਨ, ਤਦ ਉਨ੍ਹਾਂ ਮਿਹਨਤੀ ਲੋਕਾਂ ਨੂੰ ਚਾਹ ਵਿੱਚ ਪਈ ਮੱਖੀ ਵਾਂਗ ਬਾਹਰ ਸੁੱਟ ਦਿੱਤਾ ਜਾਂਦਾ ਹੈ।
ਅਸ਼ੋਕ ਤੰਵਰ ਨੇ ਕਿਹਾ ਕਿ ਮੈਂ, ਜੋਤੀਰਾਦਿੱਤਿਆ ਸਿੰਧੀਆ ਅਤੇ ਸਚਿਨ ਪਾਇਲਟ ਤੋਂ ਸੰਘਰਸ਼ ਕਰਵਾਇਆ ਜਾਂਦਾ ਹੈ, ਪਰ ਜਦੋਂ ਟਿਕਟਾਂ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਇਹ ਲੋਕ ਸਾਨੂੰ ਭੁੱਲ ਜਾਂਦੇ ਹਨ ਅਤੇ ਉਨ੍ਹਾਂ ਦਾਗੀ ਲੋਕਾਂ ਨੂੰ ਅੱਗੇ ਕਰ ਦਿੰਦੇ ਹਨ। ਜਦੋਂ ਅਸ਼ੋਕ ਤੰਵਰ ਨੂੰ ਪੁੱਛਿਆ ਗਿਆ ਕਿ ਕੀ ਉਹ ਆਉਣ ਵਾਲੇ ਸਮੇਂ ਵਿੱਚ ਸਚਿਨ ਪਾਇਲਟ ਨਾਲ ਗੱਲ ਕਰਨਗੇ ਤਾਂ ਇਸ 'ਤੇ ਤੰਵਰ ਨੇ ਜਵਾਬ ਦਿੱਤਾ ਕਿ 'ਤੇਲ ਦੇਖੋ, ਤੇਲ ਦੀ ਧਾਰ ਵੇਖੋਂ, ਬਾਗ਼ੀਆਂ ਦਾ ਵਾਰ ਵੇਖੋਂ'