ਨਵੀਂ ਦਿੱਲੀ: ਨਿਜ਼ਾਮੂਦੀਨ ਮਰਕਜ਼ ਵਿੱਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਦੇਸ਼ ਭਰ ਤੋਂ ਹਜ਼ਾਰਾਂ ਜਮਾਤੀ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚੋਂ ਕਈ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ ਹੁਣ ਆਪੋ-ਆਪਣੇ ਸੂਬਿਆਂ ਵਿੱਚ ਹਨ।
ਅਜਿਹੀ ਸਥਿਤੀ ਵਿਚ ਇਨ੍ਹਾਂ ਸੂਬਿਆਂ ਵਿੱਚ ਵੀ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧਿਆ ਹੈ। ਕੇਂਦਰੀ ਖੁਫੀਆ ਏਜੰਸੀ-ਇੰਟੈਲੀਜੈਂਸ ਬਿਊਰੋ ਵੱਲੋਂ ਇਨਪੁਟ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਦੇ ਤਾਬਲੀਗੀ ਜਮਾਤ ਦੇ ਮਰਕਜ਼ ਤੋਂ ਆਏ 500 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਦਿੱਲੀ ਵਿਚ ਨਿਜ਼ਾਮੂਦੀਨ ਖੇਤਰ ਦੀ ਅਸਾਵਧਾਨੀ ਦਾ ਜ਼ਿਕਰ ਕਰਦਿਆਂ ਰਹਿਆਣਾ ਦੇ ਮੁੱਖ ਮੰਤਰੀ ਨੇ ਕਿਹਾ, "ਸਾਨੂੰ ਪੁਲਿਸ ਅਤੇ ਖੁਫੀਆ ਬਿਊਰੋ (ਆਈਬੀ) ਤੋਂ ਜਾਣਕਾਰੀ ਮਿਲੀ ਹੈ ਕਿ ਕੁਝ ਕੋਰੋਨਾ ਪੌਜ਼ੀਟਿਵ ਲੋਕਾਂ ਨੇ ਮਾਰਚ ਮਹੀਨੇ ਵਿਚ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿਚ ਇਕ ਜਮਾਤ ਵਿਚ ਹਿੱਸਾ ਲਿਆ ਸੀ। ਹਰਿਆਣਾ ਨੇ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਦੇ ਨਿਜ਼ਾਮੂਦੀਨ ਤੋਂ ਆਏ 500 ਤੋਂ ਜ਼ਿਆਦਾ ਲੋਕਾਂ ਨੂੰ 14 ਦਿਨ ਲਈ ਕੁਆਰੰਟੀਨ ਕੀਤਾ ਹੈ।"
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਹੋਟਲ, ਮਸਜਿਦ ਜਾਂ ਉਨ੍ਹਾਂ ਦੇ ਘਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਫੈਸਲਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ 13,000 ਲੋਕ ਨਿਗਰਾਨੀ ਹੇਠ ਹਨ ਅਤੇ 323 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਹਰਿਆਣਾ ਵਿਚ ਅਜਿਹੇ 694 ਲੋਕਾਂ ਦੇ ਨਮੂਨੇ ਲਏ ਗਏ ਹਨ ਜੋ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ। ਇਨ੍ਹਾਂ ਵਿਚੋਂ 543 ਰਿਪੋਰਟਾਂ ਨੈਗੇਟਿਵ ਆਈਆਂ ਹਨ। ਸੂਬਾ ਸਰਕਾਰ ਮੁਤਾਬਕ ਸੂਬੇ ਵਿੱਚ ਇਸ ਸਮੇਂ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 16 ਹੈ ਕਿਉਂਕਿ 29 ਮਰੀਜ਼ਾਂ ਵਿੱਚੋਂ 13 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ।