ਚਿਤੂਰ— ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ ਦੇ ਸ਼੍ਰੀਕਾਲਹਸਤੀ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਾਰੇ ਲੋਕ ਇਕ ਕਾਰ 'ਚ ਤਿਰੁਮਾਲਾ ਤੋਂ ਸ਼੍ਰੀਕਾਲਹਸਤੀ ਜਾ ਰਹੇ ਸਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕੰਦਰੀਗਾ 'ਚ ਇੱਕ ਕਾਰ ਅਤੇ ਲਾਰੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਵਿਜੇਵਾੜਾ ਸ਼ਹਿਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ 'ਚ ਸਵਾਰ ਸਾਰੇ ਯਾਤਰੀ ਤਿਰੁਮਾਲਾ ਸ਼੍ਰੀਵਰੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼੍ਰੀਕਾਲਹਸਤੀ ਜਾ ਰਹੇ ਸਨ। ਲਾਰੀ ਨਾਲ ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਲਾਰੀ ਦੇ ਹੇਠਾਂ ਜਾ ਵੜਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ 'ਚ ਕੁੱਲ 7 ਲੋਕ ਸਵਾਰ ਸਨ। ਚਸ਼ਮਦੀਦਾਂ ਮੁਤਾਬਕ ਲਾਰੀ ਸ਼੍ਰੀਕਾਲਹਸਤੀ ਤੋਂ ਤਿਰੂਪਤੀ ਵੱਲ ਜਾ ਰਹੀ ਸੀ।
ਉਸ ਨੇ ਦੱਸਿਆ ਕਿ ਲਾਰੀ ਦੀ ਸਪੀਡ ਬਹੁਤ ਜ਼ਿਆਦਾ ਸੀ ਅਤੇ ਅਚਾਨਕ ਲਾਰੀ ਦਾ ਡਰਾਈਵਰ ਉਸ 'ਤੇ ਕਾਬੂ ਗੁਆ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ 'ਚ ਸਵਾਰ ਚਾਰ ਔਰਤਾਂ ਅਤੇ ਦੋ ਮਰਦਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਸ਼੍ਰੀਕਾਲਹਸਤੀ ਇਲਾਕੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਜ਼ਿਲੇ ਦੇ ਅਵਨੀਗੱਡਾ ਨਿਵਾਸੀ ਰਮੇਸ਼, ਨਰਸਿਮਹਾਮੂਰਤੀ, ਅਕਸ਼ੇ, ਰਾਜਲਕਸ਼ਮੀ, ਸ਼੍ਰੀਲਤਾ ਅਤੇ ਵੈਂਕਟਾਰਮਨੰਮਾ ਵਜੋਂ ਹੋਈ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲਾਰੀ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ। ਇਸ ਹਾਦਸੇ ਕਾਰਨ ਕੁਝ ਸਮੇਂ ਲਈ ਸੜਕ ਜਾਮ ਹੋ ਗਈ ਅਤੇ ਆਵਾਜਾਈ ਪ੍ਰਭਾਵਿਤ ਹੋਈ।