ਨਵੀਂ ਦਿੱਲੀ/ਮੁੰਬਈ: ਰੂਸੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ (Air India plane) ਦਾ ਇੱਕ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਪਹੁੰਚਿਆ। ਫਲਾਈਟ ਨੰਬਰ ਏਆਈ1943 ਨੇ ਕਰੀਬ 3 ਵਜਕੇ 40 ਮਿੰਟ ’ਤੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜੋ ਭਾਰਤੀ ਨਾਗਰਿਕ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚੇ ਚੁੱਕੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ ਤਾਂ ਜੋ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਉਨ੍ਹਾਂ ਨੂੰ ਘਰ ਲਿਆਂਦਾ ਜਾ ਸਕੇ।
ਦੱਸ ਦਈਏ ਕਿ ਏਅਰ ਇੰਡੀਆ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਘਰ ਲਿਆਉਣ ਲਈ ਸ਼ਨੀਵਾਰ ਨੂੰ ਬੁਖਾਰੇਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਲਈ ਹੋਰ ਉਡਾਣਾਂ ਚਲਾਏਗੀ।
ਵੀਰਵਾਰ ਨੂੰ ਯੂਕਰੇਨ ਦੇ ਅਧਿਕਾਰੀਆਂ ਨੇ ਯਾਤਰੀ ਜਹਾਜ਼ਾਂ ਦੇ ਸੰਚਾਲਨ ਲਈ ਆਪਣੇ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ, ਇਸ ਲਈ ਭਾਰਤੀਆਂ ਨੂੰ ਘਰ ਲਿਆਉਣ ਲਈ ਇਹ ਉਡਾਣਾਂ ਬੁਖਾਰੇਸਟ ਅਤੇ ਬੁਡਾਪੇਸਟ ਤੋਂ ਚਲਾਈਆਂ ਜਾ ਰਹੀਆਂ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਇਸ ਸਮੇਂ ਕਰੀਬ 20,000 ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਯੂਕਰੇਨੀ ਹਵਾਈ ਖੇਤਰ ਦੇ ਬੰਦ ਹੋਣ ਤੋਂ ਪਹਿਲਾਂ, ਏਅਰ ਇੰਡੀਆ ਨੇ 22 ਫਰਵਰੀ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਲਈ ਇੱਕ ਜਹਾਜ਼ ਭੇਜਿਆ ਸੀ ਜਿਸ ਵਿੱਚ 240 ਲੋਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਇਸ ਨੇ 24 ਅਤੇ 26 ਫਰਵਰੀ ਨੂੰ ਦੋ ਹੋਰ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਸੀ ਪਰ ਰੂਸ ਦੁਆਰਾ 24 ਫਰਵਰੀ ਨੂੰ ਹਮਲਾ ਸ਼ੁਰੂ ਕਰਨ ਅਤੇ ਬਾਅਦ ਵਿੱਚ ਯੂਕਰੇਨੀ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਏਅਰ ਇੰਡੀਆ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕੀਤਾ ਕਿ ਉਹ ਸ਼ਨੀਵਾਰ ਨੂੰ ਦਿੱਲੀ ਅਤੇ ਮੁੰਬਈ ਤੋਂ ਬੁਖਾਰੇਸਟ ਅਤੇ ਬੁਡਾਪੇਸਟ ਲਈ ਬੀ787 ਜਹਾਜ਼ਾਂ ਦਾ ਸੰਚਾਲਨ ਕਰੇਗਾ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰੋਮਾਨੀਆ ਅਤੇ ਹੰਗਰੀ ਤੋਂ ਆਉਣ ਅਤੇ ਜਾਣ ਵਾਲੇ ਰੂਟਾਂ ਦੀ ਨਿਸ਼ਾਨਦੇਹੀ 'ਤੇ ਕੰਮ ਕਰ ਰਿਹਾ ਹੈ। ਦੂਤਾਵਾਸ ਨੇ ਕਿਹਾ, ਇਸ ਸਮੇਂ ਅਧਿਕਾਰੀਆਂ ਦੀਆਂ ਟੀਮਾਂ ਚੇਰਨੀਵਤਸੀ ਨੇੜੇ ਉਜ਼ੋਰੌਡ, ਪੋਰਬਨੇ-ਸਿਰੇਤ ਰੋਮਾਨੀਆ ਸਰਹੱਦੀ ਚੌਕੀਆਂ ਨੇੜੇ ਚੋਪ-ਜਾਹੋਨੀ ਹੰਗਰੀ ਸਰਹੱਦ 'ਤੇ ਪਹੁੰਚ ਰਹੀਆਂ ਹਨ। ਦੂਤਾਵਾਸ ਨੇ ਕਿਹਾ ਕਿ ਇਨ੍ਹਾਂ ਸਰਹੱਦੀ ਜਾਂਚ ਚੌਕੀਆਂ ਦੇ ਨੇੜੇ ਰਹਿਣ ਵਾਲੇ ਭਾਰਤੀ ਨਾਗਰਿਕਾਂ, ਖਾਸ ਤੌਰ 'ਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਕ੍ਰਮਬੱਧ ਤਰੀਕੇ ਨਾਲ ਚਲੇ ਜਾਣ।
ਇਸ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਜਦੋਂ ਇਹ ਰੂਟ ਚਾਲੂ ਹੋ ਜਾਂਦੇ ਹਨ, ਤਾਂ ਭਾਰਤੀ ਨਾਗਰਿਕਾਂ ਨੂੰ ਆਪਣੇ ਤੌਰ 'ਤੇ ਯਾਤਰਾ ਕਰਨ ਲਈ ਸਰਹੱਦੀ ਜਾਂਚ ਚੌਕੀਆਂ ਵੱਲ ਵਧਣ ਦੀ ਸਲਾਹ ਦਿੱਤੀ ਜਾਵੇਗੀ। ਦੂਤਾਵਾਸ ਨੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਸਪੋਰਟ, ਨਕਦੀ (ਮੁੱਖ ਤੌਰ 'ਤੇ ਡਾਲਰਾਂ ਵਿੱਚ), ਹੋਰ ਜ਼ਰੂਰੀ ਚੀਜ਼ਾਂ ਅਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਆਪਣੇ ਨਾਲ ਸਰਹੱਦੀ ਜਾਂਚ ਚੌਕੀਆਂ 'ਤੇ ਰੱਖਣ। ਦੂਤਾਵਾਸ ਨੇ ਕਿਹਾ ਹੈ ਕਿ ਯਾਤਰਾ ਦੌਰਾਨ ਭਾਰਤੀ ਝੰਡੇ ਦਾ ਪ੍ਰਿੰਟ (ਕਾਗਜ਼ 'ਤੇ) ਕੱਢ ਕੇ ਵਾਹਨਾਂ ਅਤੇ ਬੱਸਾਂ 'ਤੇ ਚਿਪਕਾਓ।
ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੀ ਸਰਹੱਦ ਵਿਚਕਾਰ ਦੂਰੀ ਲਗਭਗ 600 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਇਸ ਦੂਰੀ ਨੂੰ ਪੂਰਾ ਕਰਨ ਲਈ ਸਾਢੇ ਅੱਠ ਤੋਂ 11 ਘੰਟੇ ਦਾ ਸਮਾਂ ਲੱਗਦਾ ਹੈ। ਬੁਖਾਰੇਸਟ ਰੋਮਾਨੀਆ ਦੀ ਸਰਹੱਦੀ ਜਾਂਚ ਚੌਕੀ ਤੋਂ ਲਗਭਗ 500 ਕਿਲੋਮੀਟਰ ਦੂਰ ਹੈ ਅਤੇ ਸੜਕ ਦੁਆਰਾ ਸਫ਼ਰ ਕਰਨ ਵਿੱਚ ਸੱਤ ਤੋਂ ਨੌਂ ਘੰਟੇ ਲੱਗਦੇ ਹਨ। ਉਸੇ ਸਮੇਂ, ਕੀਵ ਅਤੇ ਹੰਗਰੀ ਦੀ ਸਰਹੱਦ ਵਿਚਕਾਰ ਲਗਭਗ 820 ਕਿਲੋਮੀਟਰ ਦੀ ਦੂਰੀ ਹੈ ਅਤੇ ਇਸ ਨੂੰ ਸੜਕ ਦੁਆਰਾ ਪੂਰਾ ਕਰਨ ਲਈ 12-13 ਘੰਟੇ ਲੱਗਦੇ ਹਨ।
ਇਹ ਵੀ ਪੜੋ: ਨਵਾਂ ਦਾਅ: ਯੂਰੋਪੀਅਨ ਯੂਨੀਅਨ ਕਰੇਗਾ ਪੁਤਿਨ ਅਤੇ ਲਾਵਰੋਪ ਦੀ ਜਾਇਦਾਦਾਂ ਨੂੰ ਫ੍ਰੀਜ਼, ਇਨ੍ਹਾਂ ਦੇਸ਼ਾਂ ਨੇ ਲਾਈ ਪਾਬੰਦੀ