ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਲਮਾਨ ਖਾਨ ਦੇ ਮੈਨੇਜਰ ਨੇ ਬਾਂਦਰਾ ਪੁਲਿਸ ਸਟੇਸ਼ਨ ਪਹੁੰਚ ਕੇ ਰਿਪੋਰਟ ਦਰਜ ਕਰਵਾਈ। ਮੁੰਬਈ ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਦੱਸ ਦੇਈਏ ਕਿ 18 ਮਾਰਚ ਨੂੰ ਸਲਮਾਨ ਦੇ ਮੈਨੇਜਰ ਨੂੰ ਧਮਕੀ ਭਰਿਆ ਈ-ਮੇਲ ਆਇਆ ਸੀ, ਜਿਸ 'ਚ ਸਲਮਾਨ ਖਾਨ ਨੂੰ ਮਾਰਨ ਵਾਰੇ ਲਿਖਿਆ ਗਿਆ ਸੀ। ਸਲਮਾਨ ਖਾਨ ਨੂੰ ਇਹ ਧਮਕੀ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਨੇ ਦਿੱਤੀ ਸੀ, ਜੋ ਕੈਨੇਡਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਸਲਮਾਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਬਿਸ਼ਨੋਈ ਨੇ ਇਸ ਇੰਟਰਵਿਊ 'ਚ ਕਿਹਾ ਸੀ, 'ਸਲਮਾਨ ਖਾਨ ਨੇ ਕਾਲੇ ਹਿਰਨ ਨੂੰ ਮਾਰ ਕੇ ਬਿਸ਼ਨੋਈ ਭਾਈਚਾਰੇ ਦਾ ਅਪਮਾਨ ਕੀਤਾ ਹੈ। ਮੈਂ ਸਲਮਾਨ ਨੂੰ ਉਸੇ ਦਿਨ ਮਾਰ ਦਿਆਂਗਾ ਜਿਸ ਦਿਨ ਉਸ ਦੀ ਸੁਰੱਖਿਆ ਹਟਾ ਦਿੱਤੀ ਜਾਵੇਗੀ। ਲਾਰੈਂਸ ਬਿਸ਼ਨੋਈ ਨੇ ਇੰਟਰਵਿਊ 'ਚ ਸਾਫ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਉਨ੍ਹਾਂ ਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਹਨ। ਫਿਰ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਧਮਕੀਆਂ ਮਿਲਣਾ ਸਾਬਤ ਕਰਦਾ ਹੈ ਕਿ ਦਬੰਗ ਖਾਨ ਨੂੰ ਆਪਣੀ ਜਾਨ ਦਾ ਖ਼ਤਰਾ ਹੈ।
ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਸਲਮਾਨ ਦੇ ਮੈਨੇਜਰ ਦੀ ਰਿਪੋਰਟ 'ਤੇ ਬਾਂਦਰਾ ਪੁਲਿਸ ਨੇ ਆਈਪੀਸੀ ਦੀ ਧਾਰਾ 506 (2), 120 (ਬੀ) ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁੰਬਈ ਪੁਲਿਸ ਨੇ ਅਭਿਨੇਤਾ ਸਲਮਾਨ ਖ਼ਾਨ ਦੇ ਦਫ਼ਤਰ ਨੂੰ ਕਥਿਤ ਤੌਰ 'ਤੇ ਧਮਕੀ ਭਰੇ ਈਮੇਲ ਭੇਜਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗਰਗ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜੋ:- ‘ਜਿਵੇਂ ਰਾਜਾ ਹਰੀਸ਼ਚੰਦਰ ਨੂੰ ਪਰਖਿਆ ਗਿਆ ਸੀ, ਉਸੇ ਤਰ੍ਹਾਂ ਭਗਵਾਨ ਮਨੀਸ਼ ਸਿਸੋਦੀਆ ਨੂੰ ਪਰਖ ਰਿਹਾ ਹੈ’