ਨਵੀਂ ਦਿੱਲੀ: ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਇਥੇ ਕਿਸਾਨਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਲਈ ਕਈ ਮੈਡੀਕਲ ਟੀਮਾਂ ਪੰਜਾਬ ਤੋਂ ਦਿੱਲੀ ਦੀ ਸਿੰਘੂ ਹੱਦ 'ਤੇ ਪੁੱਜੀਆਂ ਹਨ ਅਤੇ ਮੋਬਾਈਲ ਸੇਵਾ ਦੀ ਤਰ੍ਹਾਂ ਵੱਖ-ਵੱਖ ਟੀਮਾਂ ਦਵਾਈਆਂ ਲੈ ਕੇ ਪੂਰੇ ਖੇਤਰ ਵਿੱਚ ਘੁੰਮ ਰਹੀਆਂ ਹਨ, ਜਿਸ ਨਾਲ ਲੋੜ ਪੈਣ 'ਤੇ ਡਾਕਟਰ ਇਨ੍ਹਾਂ ਕਿਸਾਨਾਂ ਨੂੰ ਦਵਾਈਆਂ ਮੁਹੱਈਆ ਕਰਵਾ ਸਕਣ।
ਸਿੰਘੂ ਸਰਹੱਦ 'ਤੇ ਪੁੱਜੀਆਂ ਡਾਕਟਰਾਂ ਦੀਆਂ 70 ਟੀਮਾਂ ਥਾਂ-ਥਾਂ 'ਤੇ ਜਾ ਕੇ ਕਿਸਾਨਾਂ ਦੀ ਸਿਹਤ ਦਾ ਵੀ ਧਿਆਨ ਰੱਖ ਰਹੀਆਂ ਹਨ। ਪੰਜਾਬ ਤੋਂ ਪੁੱਜੀਆਂ ਇਹ ਡਾਕਟਰਾਂ ਦੀਆਂ ਟੀਮਾਂ ਕਿਸਾਨਾਂ ਨੂੰ ਲਗਾਤਾਰ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਸਿੰਘੂ ਹੱਦ 'ਤੇ ਕਿਸਾਨਾਂ ਵਿਚਕਾਰ ਜਿਹੜੇ ਸਿਹਤ ਜਾਂਚ ਕੈਂਪ ਲੱਗੇ ਹੋਏ ਹਨ, ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਅਤੇ ਪੈਰਾ-ਮੈਡੀਕਲ ਟੀਮਾਂ ਦਵਾਈਆਂ ਲੈ ਕੇ ਲੋਕਾਂ ਵਿੱਚ ਅਤੇ ਟ੍ਰੈਕਟਰ-ਟਰਾਲੀਆਂ ਨਜ਼ਦੀਕ ਘੁੰਮ ਰਹੀਆਂ ਹਨ ਅਤੇ ਜਿਸ ਕਿਸਾਨ ਨੂੰ ਵੀ ਕੋਈ ਦਿੱਕਤ ਪੇਸ਼ ਆ ਰਹੀ ਹੈ, ਉਸ ਹਿਸਾਬ ਨਾਲ ਦਵਾਈ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਜ਼ਿਆਦਾ ਦਿੱਕਤ ਹੈ ਜਾਂ ਕੋਈ ਜ਼ਿਆਦਾ ਬਿਮਾਰ ਹੈ ਤਾਂ ਉਸ ਨੂੰ ਕੈਂਪ ਵਿੱਚ ਲਿਜਾ ਕੇ ਇਲਾਜ ਕੀਤਾ ਜਾਂਦਾ ਹੈ।
ਸਿੰਘੂ ਹੱਦ ਦੇ ਨਾਲ-ਨਾਲ ਹਰ ਸਰਹੱਦ 'ਤੇ ਕਿਸਾਨਾਂ ਕੋਲ ਪੁੱਜ ਰਹੀ ਡਾਕਟਰਾਂ ਦੀ ਟੀਮ
ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਕਿਸਾਨ ਨਹੀਂ ਹਨ। ਹੱਲ ਤਾਂ ਚਲਾ ਕੇ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਹੱਲ ਨਹੀਂ ਚਲਾਉਣਾ ਆਉਂਦਾ। ਅਸੀਂ ਤਾਂ ਡਾਕਟਰ ਹਾਂ ਇਸ ਲਈ ਅੰਦੋਲਨ ਵਿੱਚ ਜਾ ਕੇ ਉਨ੍ਹਾਂ ਨੂੰ ਇਲਾਜ ਮੁਹਈਆ ਕਰਵਾ ਕੇ ਮਦਦ ਕਰ ਰਹੇ ਹਾਂ। ਵੱਡੀ ਗਿਣਤੀ ਵਿੱਚ ਡਾਕਟਰ ਅਤੇ ਪੈਰਾ-ਮੈਡੀਕਲ ਟੀਮਾਂ ਇਸ ਤਰ੍ਹਾਂ ਸਿੰਘੂ ਹੱਦ ਦੇ ਪੂਰੇ ਖੇਤਰ ਵਿੱਚ ਕਿਸਾਨਾਂ ਵਿੱਚ ਵੱਖ ਵੱਖ ਥਾਵਾਂ 'ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ ਅੰਦੋਲਨਕਾਰੀ ਹੱਦਾਂ 'ਤੇ ਉਨ੍ਹਾਂ ਦੀਆਂ ਟੀਮਾਂ ਮੌਜੂਦ ਹਨ।
ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ 70 ਟੀਮਾਂ ਪੂਰੇ ਅੰਦੋਲਨ ਵਿੱਚ ਇਸੇ ਤਰ੍ਹਾਂ ਥਾਂ-ਥਾਂ ਜ਼ਰੂਰਤਮੰਦ ਕਿਸਾਨਾਂ ਨੂੰ ਦਵਾਈਆਂ ਦੇ ਕੇ ਸੇਵਾ ਕਰਦੀਆਂ ਰਹਿਣਗੀਆਂ। ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਉਦੋਂ ਤੱਕ ਟੀਮਾਂ ਸਿੰਘੂ ਸਰਹੱਦ 'ਤੇ ਰਹਿ ਕੇ ਹੀ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਣਗੀਆਂ।