ਹੈਦਰਾਬਾਦ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਚੁੱਕੇ ਨੇ ਅਤੇ ਇਸ ਦੌਰਾਨ ਕਈ ਵਾਅਦੇ ਪੂਰੇ ਵੀ ਕੀਤੇ ਗਏ ਹਨ ਅਤੇ ਕਈ ਵਾਅਦੇ ਅਧੂਰੇ ਵੀ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸੱਤਾ ਦੇ ਕਾਬਜ਼ ਹੋਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਪੰਜਾਬ ਦੇ ਲਈ ਵਿਜ਼ਨ ਬਹੁਤ ਵੱਡਾ ਪੇਸ਼ ਕੀਤਾ ਸੀ ਪਰ ਪਿਛਲੇ ਤਿੰਨ ਸਾਲਾਂ ਦੇ ਵਿੱਚ ਸਰਕਾਰ ਕਿੰਨੇ ਕੰਮ ਕੀਤੇ ਅਤੇ ਕਿੰਨੇ ਨਹੀਂ ਕੀਤੇ ਇਸ ਨੂੰ ਲੈ ਕੇ ਅਕਸਰ ਦੀ ਚਰਚਾ ਹੁੰਦੀ ਰਹਿੰਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਬੀਤੇ ਤਿੰਨ ਸਾਲਾਂ ਦੇ ਵਿੱਚ ਸੂਬੇ ਦੇ ਵਿਕਾਸ ਲਈ ਲਿਆ 90 ਹਜ਼ਾਰ ਕਰੋੜ ਦਾ ਕਰਜ਼ਾ ਜ਼ਰੂਰ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਕਿਹੜੇ ਵਾਅਦੇ ਕੀਤੇ ਪੂਰੇ:
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਗਏ ਸਨ, ਜਿਨਾਂ ਵਿੱਚੋਂ ਕਈ ਵਾਅਦੇ ਪੂਰੇ ਵੀ ਕੀਤੇ ਗਏ ਹਨ।
1. ਮੁੱਖ ਮੰਤਰੀ ਮਾਨ 'ਚ ਸਭ ਤੋਂ ਵੱਡੇ ਵਾਅਦੇ 'ਚ ਔਰਤਾਂ ਨੂੰ 1100 ਰੁਪਏ ਦੇਣ ਵਾਅਦਾ ਸੀ, ਜਿਸ ਨੂੰ ਪੂਰਾ ਕਾਰਨ ਲਈ ਮਾਨ ਸਰਕਾਰ ਨੂੰ ਕਰੀਬ 3 ਸਾਲ ਲੱਗ ਗਏ ਪਰ ਦੇਰ ਆਏ ਦਰੁਸਤ ਆਏ। ਇਸ ਵਾਅਦੇ ਨੂੰ ਪੂਰਾ ਕਰਨ ਦਾ ਅੱਜ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ।
2. ਦੂਜਾ ਵੱਡਾ ਵਾਅਦਾ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਲੋਕਾਂ ਨੂੰ 300 ਬਿਜਲੀ ਦੀਆਂ ਯੂਨਿਟ ਮੁਫਤ ਦਿੱਤੀਆਂ ਜਾਂਦੀਆਂ ਹਨ ਜਿਸ ਦਾ ਪੰਜਾਬ ਸਰਕਾਰ ਨੇ 90 ਫੀਸਦੀ ਲੋਕਾਂ ਨੂੰ ਫਾਇਦਾ ਹੋਣ ਦਾ ਦਾਅਵਾ ਕੀਤਾ ਹੈ।
3. ਮਹੱਲਾ ਕਲੀਨਿਕ ਬਣਾਉਣ ਦਾ ਵੀ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਹਰ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਬਣਾਉਣ ਦਾ ਦਾਅਵਾ ਸੀ ਪਰ ਹੁਣ ਤੱਕ ਹਰ ਪਿੰਡ ਤਾਂ ਨਹੀਂ ਪਰ ਸਰਕਾਰ ਵੱਲੋਂ ਬਣਾਏ ਗਏ 872 ਮਹੱਲਾ ਕਲੀਨਿਕ ਪੰਜਾਬ ਦੇ ਵਿੱਚ ਫਿਲਹਾਲ ਚੱਲ ਰਹੇ ਹਨ।
4. ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਹਜ਼ਾਰਾਂ ਨੌਕਰੀਆਂ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਸੂਬੇ ਦੇ ਵਿੱਚ ਪਿਛਲੇ 30 ਮਹੀਨਿਆਂ ਦੇ ਅੰਦਰ 44 ਹਜ਼ਾਰ 974 ਨੌਕਰੀਆਂ ਦੇ ਚੁੱਕੇ ਹਨ।
5. ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਪਲਾਟ ਦੀ ਰਜਿਸਟਰੀ ਲਈ ਖੱਜਲ ਖੁਾਅਰ ਨਹੀਂ ਹੋਣਾ ਪਵੇਗਾ ਅੱਜ ਸਰਕਾਰ ਵੱਲੋਂ ਬੀਤੇ ਦਿਨੀ ਹੀ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਕੇ ਗਵਰਨਰ ਤੋਂ ਪਾਸ ਹੋਣ ਤੋਂ ਬਾਅਦ ਹੁਣ ਬਿਨਾਂ ਐਨਓਸੀ ਦੇ ਸ਼ਰਤ ਪਲੋਟ ਦੀ ਰਜਿਸਟਰੀ ਕਰਵਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਕਿਹੜੇ ਵਾਅਦੇ ਅਧੂਰੇ
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਖੁਦ ਅਰਵਿੰਦ ਕੇਜਰੀਵਾਲ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ ਅਤੇ ਸੱਤ ਨੁਕਤੀ ਪ੍ਰੋਗਰਾਮ ਪੰਜਾਬ ਦੇ ਲੋਕਾਂ ਨੂੰ ਵਿਖਾਇਆ ਸੀ ਪਰ ਇਹਨਾਂ ਵਿੱਚੋਂ ਕਈ ਵਾਰ ਅਜਿਹੇ ਨੇ ਜੋ ਹਾਲੇ ਤੱਕ ਪੂਰੇ ਨਹੀਂ ਹੋਏ ।
1. ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੇ ਖਾਸ ਕਾਰਡ ਬਣਾਏ ਜਾਣਗੇ, ਜਿੰਨਾਂ 'ਤੇ ਉਨਾਂ ਦੀ ਬਿਮਾਰੀਆਂ ਦਾ ਪਿਛਲਾ ਰਿਕਾਰਡ ਲਿਿਖਆ ਰਹੇਗਾ ਅਤੇ ਉਹਨਾਂ ਨੂੰ ਸਸਤਾ ਇਲਾਜ ਮਿਲੇਗਾ । ਸਸਤਾ ਇਲਾਜ ਤਾਂ ਨਹੀਂ ਮਿਿਲਆ ਪਰ ਪਿਛਲੇ ਦਿਨੀਂ ਆਯੁਸ਼ਮਾਨ ਯੋਜਨਾ ਸਕੀਮ ਦੇ ਪੈਸੇ ਪੂਰੇ ਨਾ ਦੇਣ ਨੂੰ ਲੈ ਕੇ ਜ਼ਰੂਰ ਵਿਵਾਦ ਖੜਾ ਹੋਇਆ।
2. ਇਸੇ ਤਰ੍ਹਾਂ ਬਜ਼ੁਰਗਾਂ ਨੂੰ 2500 ਪੈਨਸ਼ਨ ਦਾ ਵੀ ਵਾਦਾ ਕੀਤਾ ਗਿਆ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਹੈ।
3..ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਪੰਜਾਬ ਦੇ 13 ਹਜ਼ਾਰ ਤੋਂ ਵੱਧ ਪਿੰਡ ਹਨ ਜਦਕਿ ਹਾਲੇ ਤੱਕ ਪੰਜਾਬ 'ਚ ਸਿਰਫ਼ 800 ਦੇ ਕਰੀਬ ਹੀ ਮੁਹੱਲਾ ਕਲੀਨਿਕ ਬਣਾਏ ਗਏ ਹਨ। ਜਦਕਿ 16 ਹਜ਼ਾਰ ਮਹੱਲਾ ਕਲੀਨਿਕ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ।
4. ਇਸੇ ਤਰ੍ਹਾਂ ਸਾਰੇ ਹੀ ਸਰਕਾਰੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ ਬਣਾਉਣ ਦਾ ਦਾਅਵਾ ਵੀ ਸਰਕਾਰ ਪੂਰਾ ਨਹੀਂ ਕਰ ਸਕੀ।
5. 24 ਘੰਟੇ ਬਿਜਲੀ ਦੀ ਸਪਲਾਈ ਦਾ ਵਾਅਦਾ ਵੀ ਸਰਕਾਰ ਪੂਰਾ ਨਹੀਂ ਕਰ ਸਕੀ।
6. ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਦੀ ਗਰੰਟੀ ਦਿੱਤੀ ਗਈ ਸੀ ਪਰ ਨਾ ਤਾਂ ਰੇਤਾ ਤਾਂ ਸਸਤਾ ਨਹੀਂ ਹੋਇਆ ਅਤੇ ਨਾ ਹੀ ਸਰਕਾਰ ਮਾਈਨਿੰਗ ਰੋਕ ਸਕੀ ਤੇ ਨਾ ਹੀ ਬਹੁਤਾ ਮਾਲਿਆ ਇਕੱਠਾ ਕਰ ਸਕੀ ਪਰ ਟੈਕਸ ਜ਼ਰੂਰ ਵਧਾਏ ਗਏ।
7. ਸਸਤੀ ਸ਼ਰਾਬ ਦਾ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਅਤੇ ਮਾਲੀਆ ਇੱਕਠਾ ਕਰਨ ਦੀ ਗੱਲ ਆਖੀ ਸੀ ਪਰ ਅਜਿਹਾ ਕੁੱਝ ਨਹੀਂ ਹੋਇਆ।
ਹੁਣ ਵੇਖਣਾ ਹੋਵੇਗਾ ਕਿ ਕੀ ਆਉਣ ਵਾਲੀਆਂ ਵਿਧਾਨ ਸਭਾ ਦੇ ਨਤੀਜ਼ਿਆਂ 'ਚ ਇਹ ਵਾਅਦੇ ਪੂਰੇ ਹੋਣ ਅਤੇ ਵਾਅਦੇ ਅਧੂਰੇ ਰਹਿਣ ਦਾ ਕਿੰਨਾ ਕੁ ਅਸਰ ਵੇਖਣ ਨੂੰ ਮਿਲੇਗਾ।ਇਹ ਤਾਂ 23 ਨਵੰਬਰ ਨੂੰ ਪਤਾ ਲੱਗੇਗਾ।