ਤਰਨ ਤਾਰਨ: ਪੰਜਾਬ 'ਚ ਜਿਥੇ ਧੁੰਦ ਕਾਰਨ ਹਾਦਸੇ ਹੋ ਰਹੇ ਹਨ ਤਾਂ ਉਥੇ ਹੀ ਤੇਜ਼ ਰਫ਼ਤਾਰ ਵੀ ਇੰਨ੍ਹਾਂ ਹਾਦਸਿਆਂ ਦਾ ਵੱਡਾ ਕਾਰਨ ਬਣਦੀ ਹੈ। ਜਿਸ ਕਾਰਨ ਹੱਸਦੇ ਵੱਸਦੇ ਘਰ ਦੀ ਖੁਸ਼ੀਆਂ ਤਬਾਹ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਹਾਦਸਾ ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿੱਖੇ ਸ੍ਰੀ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਪਬਲਿਕ ਸਕੂਲ ਤੋਂ ਛੁੱਟੀ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਪਰਤ ਰਹੇ ਦੋ ਨੌਜਵਾਨਾਂ ਦੇ ਨਾਲ ਹੋਇਆ।
ਇੱਕ ਨੌਜਵਾਨ ਦੀ ਮੌਤ ਤੇ ਇੱਕ ਜ਼ਖਮੀ: ਇੰਨ੍ਹਾਂ ਨੂੰ ਨੌਜਵਾਨ ਨੂੰ ਫਾਰਚੂਨਰ ਗੱਡੀ ਨੇ ਭਿਆਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਵੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਕਿ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਨੌਜਵਾਨਾਂ ਨੂੰ ਗੰਭੀਰ ਸੱਟਾਂ ਆ ਗਈਆਂ, ਜਿੰਨ੍ਹਾਂ 'ਚ ਇੱਕ ਨੇ ਹਸਪਤਾਲ ਜਾਂਦੇ ਸਮੇਂ ਹੀ ਦਮ ਤੋੜ ਦਿੱਤਾ। ਉਥੇ ਹੀ ਦੂਜਾ ਨੌਜਵਾਨ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਲਾਸ਼ ਨੂੰ ਨਿੱਜੀ ਹਸਪਤਾਲ ਰੱਖਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਖਾਣ ਛਾਪੜੀ ਵਜੋਂ ਹੋਈ ਹੈ। ਇਸ ਮਾਮਲੇ 'ਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਮ੍ਰਿਤਕ ਦਾ ਸੀ ਅੱਜ ਜਨਮ ਦਿਨ: ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋਂ ਕਿ ਬਾਰਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੱਸਿਆ ਕਿ ਬੱਚਾ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਇੱਕ ਤੇਜ਼ ਫਾਰਚੂਨਰ ਗੱਡੀ ਵਲੋਂ ਉਨ੍ਹਾਂ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਅੱਜ ਜਨਮਦਿਨ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ।
ਜਾਂਚ 'ਚ ਜੁਟੀ ਪੁਲਿਸ: ਉਧਰ ਦੂਜੇ ਪਾਸੇ ਨਿੱਜੀ ਹਸਪਤਾਲ ਵਿਚ ਜਾਂਚ ਕਰਨ ਪੁੱਜੇ ਪੁਲਿਸ ਅਧੀਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਗੱਡੀ ਸਵਾਰ ਦੀ ਪਹਿਚਾਣ ਲਈ ਸੀਸੀਟੀਵੀ ਕੈਮਰਿਆਂ ਦੀ ਮਦੱਦ ਲਈ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਪਰਿਵਾਰ ਜੋਂ ਵੀ ਬਿਆਨ ਦਰਜ਼ ਕਰਵਾਉਣਗੇ ਉਸ ਮੁਤਾਬਕ ਕਰਵਾਈ ਕੀਤੀ ਜਾਵੇਗੀ ਅਤੇ ਜਲਦ ਹੀ ਕਾਰ ਚਾਲਕ ਨੂੰ ਵੀ ਕਾਬੂ ਕੀਤਾ ਜਾਵੇਗਾ।