ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕੇਂਦਰ 'ਤੇ ਤੰਜ ਕੱਸਦੇ ਆਖਿਆ ਕਿ ਮੁਲਕ ਭਰ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਇਕੱਲੇ ਕਿਸਾਨਾਂ ਦੇ ਹਿਤ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਿਤ ਵਿੱਚ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਸਚਾਈ ਇਹ ਹੈ ਕਿ ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ ਹੈ।
ਵੱਡੇ ਘਰਾਣੇ ਬੇਹੱਦ ਖ਼ਤਰਨਾਕ: ਕੁਲਤਾਰ ਸਿੰਘ ਸੰਧਵਾ ਨੇ ਕਿਹਾ ਫ਼ਸਲਾਂ ਦੀ ਐੱਮ.ਐੱਸ.ਪੀ ਬੰਦ ਕਰਕੇ ਅਮਰੀਕਾ ਵਰਗੇ ਦੇਸ਼ ਵੀ ਵਿਕਾਸ ਦੇ ਰਾਹ ਤੋਂ ਭਟਕ ਗਏ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਬਿਨਾ ਕਿਸੇ ਦੇਰੀ ਦੇ ਕਿਸਾਨਾਂ ਦੀ ਮੰਗ ਅਨੁਸਾਰ ਫ਼ਸਲਾਂ ਦੀ ਐੱਮ ਐੱਸ ਪੀ ਜਾਰੀ ਕਰੇ। ਉਨ੍ਹਾਂ ਕਿਹਾ ਕਿ ਵੱਡੇ ਘਰਾਣੇ ਕੇਵਲ ਕਿਸਾਨ ਮਜ਼ਦੂਰ ਲਈ ਨਹੀਂ ਸਗੋਂ ਛੋਟੇ ਵਪਾਰੀਆਂ ਲਈ ਵੀ ਬੇਹੱਦ ਖ਼ਤਰਨਾਕ ਹਨ ਕਿਉਂਕਿ ਇੱਕ ਸਧਾਰਨ ਵਪਾਰਿਕ ਅਦਾਰਾ (ਸ਼ਾਪਿੰਗ ਮਾਲ) ਸੈਂਕੜੇ ਹੀ ਛੋਟੇ ਦੁਕਾਨਦਾਰਾਂ ਦਾ ਰੋਜ਼ਗਾਰ ਖੋਹ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿਸਾਨੀ ਅਤੇ ਕਿਸਾਨਾਂ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁਲਿੱਤ ਕੀਤਾ ਜਾਵੇ ।
ਹਰਿਆਣਾ ਸਰਕਾਰ ਯੂ ਟਰਨ : ਸੰਧਵਾ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ. ਐਸ. ਏ ਲਗਾਉਣ ਤੋਂ ਬਾਅਦ ਵਿੱਚ ਮੁਕਰ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ ਹੈ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ ਐਸ ਏ ਲਗਾਉਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ। ਜਿਸ ਨੂੰ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਨਾਗਰਿਕਾਂ ਨੇ ਵੀ ਸਵੀਕਾਰ ਨਹੀਂ ਕਰਨਾ ਸੀ।