ਮਾਨਸਾ: ਪੰਜਾਬ ਦੇ ਨਾਮੀ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਗੰਨਮੈਨ ਹਰਦੀਪ ਸਿੰਘ ਦੀ ਦੇਰ ਰਾਤ ਗੋਲੀ ਲੱਗਣ ਦੇ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਇਸੈਂਸੀ ਪਿਸਟਲ 'ਚੋਂ ਚੱਲੀ ਗੋਲ਼ੀ
ਪੁਲਿਸ ਮੁਤਾਬਿਕ ਮਾਨਸਾ ਵਿਖੇ ਦੇਰ ਰਾਤ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਗੰਨਮੈਨ ਹਰਦੀਪ ਸਿੰਘ ਦੀ ਆਪਣੇ ਘਰ ਹੀ ਮੌਤ ਹੋ ਗਈ। ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਗੰਨਮੈਨ ਹਰਦੀਪ ਸਿੰਘ ਆਪਣੀ ਲਾਇਸੈਂਸੀ ਪਿਸਟਲ ਨੂੰ ਸਾਫ ਕਰ ਰਿਹਾ ਸੀ। ਇਸ ਪਿਸਟਲ ਨੂੰ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਮੌਕੇ ਉੱਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ।
ਵੱਖ-ਵੱਖ ਪੱਖਾ ਤੋਂ ਜਾਂਚ
ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਹਰਦੀਪ ਸਿੰਘ ਪੁਲਿਸ ਕਾਂਸਟੇਬਲ ਜੋ ਕਿ ਐਕਸ ਸਰਵਿਸਮੈਨ ਵੀ ਹੈ ਉਸ ਦੀ ਦੇਰ ਰਾਤ ਅਚਾਨਕ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਹਰਦੀਪ ਸਿੰਘ ਦੇਰ ਰਾਤ ਕਿਸੇ ਵਿਆਹ ਸਮਾਗਮ ਦੇ ਵਿੱਚੋਂ ਆਪਣੇ ਘਰ ਪਹੁੰਚਿਆ ਸੀ। ਜਿਸ ਤੋਂ ਬਾਅਦ ਘਰ ਵਿੱਚ ਹੀ ਢਾਈ ਵਜੇ ਦੇ ਕਰੀਬ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ 29 ਮਈ 2022 ਨੂੰ ਜਵਾਹਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਲਗਭਗ ਸਾਰੇ ਪਰਿਵਾਰ ਨੂੰ ਸੁਰੱਖਿਆ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਹੈ। ਇਸੇ ਕਾਰਣ ਮ੍ਰਿਤਕ ਕਾਂਸਟੇਬਲ ਹਰਦੀਪ ਸਿੰਘ ਵੀ ਗੰਨਮੈਨ ਵਜੋਂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ ਸੀ।