ਚੰਡੀਗੜ੍ਹ: ਸਿੱਖਾਂ ਦੇ ਦਸਵੇਂ ਗੁਰੂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਮਨਾਏ ਜਾਂਦੇ ਪੰਦਰਵਾੜੇ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੁਨੇਹਾ ਦਿੱਤਾ ਅਤੇ ਨਾਲ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਚਾਣਨਾ ਪਾਇਆ। ਵੀਡੀਓ ਸੰਦੇਸ਼ ਜਾਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਲਾਸਾਨੀ ਸ਼ਹਾਦਤ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ।
ਪੰਦਰਵਾੜੇ ਦੀ ਸ਼ੁਰੂਆਤ
ਗਿਆਨੀ ਹਰਪ੍ਰੀਤ ਸਿੰਘ ਨੇ ਸਾਹਿਬਜ਼ਾਦਿਆਂ ਨੂੰ ਯਾਦ ਕਰਿਦਆਂ ਕਿਹਾ ਕਿ 'ਹਰ ਸਾਲ ਦਸੰਬਰ ਦੇ ਮਹੀਨੇ ਸ਼ਹੀਦੀ ਪੰਦਰਵਾੜੇ ਆਉਂਦੇ ਹਨ ਅਤੇ ਇਹਨਾਂ ਦਿਨਾਂ ਦੇ ਦੌਰਾਨ ਗੁਰੂ ਨਾਨਕ ਨਾਮ-ਲੇਵਾ ਸੰਗਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੀ ਹੈ। 20 ਦਸੰਬਰ ਅਤੇ 21 ਦਸੰਬਰ ਦੀ ਰਾਤ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ 'ਚ ਸਮੋਈ ਬੈਠੀ ਹੈ। ਇਸ ਰਾਤ ਸਰਬੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਸੀ। ਅੱਜ ਦੇ ਦੌਰ 'ਚ ਜਦੋਂ ਕਿਸੇ ਨੂੰ ਆਪਣਾ ਹੱਸਦਾ ਵੱਸਦਾ ਘਰ ਛੱਡਣਾ ਪੈਂਦਾ ਹੈ, ਤਾਂ ਬੜਾ ਦੁੱਖ ਹੁੰਦਾ ਹੈ। ਗੁਰੂ ਗੋਬਿੰਦ ਸਾਹਿਬ ਨੂੰ ਵੀ ਇਸ ਤਰਾਂ ਹੀ ਆਪਣੇ ਭੋਏ 'ਤੇ ਵਸਾਇਆ ਅਨੰਦਪੁਰ ਛੱਡਣਾ ਪਿਆ, ਜਿੱਥੇ ਉਹਨਾਂ ਦੇ ਬਚਪਣ ਦੀਆਂ ਯਾਦਾਂ, ਮਾਤਾ ਗੁਜਰ ਕੌਰ ਜੀ ਦੀਆਂ ਯਾਦਾਂ ਸੀ। ਉਸ ਥਾਂ ਨੂੰ ਸਰਦ ਰਾਤਾਂ 'ਚ ਛਡਣਾ ਪਿਆ, ਤਾਂ ਉਨ੍ਹਾਂ ਦੇ ਹਿਰਦੇ 'ਤੇ ਕੀ ਬੀਤਦਾ ਹੋਵੇਗਾ। ਜਿਥੇ ਪਰਿਵਾਰ ਖੇਰੁ-ਖੇਰੂ ਹੋ ਗਿਆ।'
ਗੁਰੂ ਸਾਹਿਬ ਦਾ ਪਰਿਵਾਰ ਵਿਛੌੜਾ
ਗਿਆਨੀ ਹਰਪ੍ਰੀਤ ਸਿੰਘ ਅੱਗੇ ਦੱਸਦੇ ਹਨ ਕਿ ਕਿੰਝ ਸਿਰਸਾ ਨਦੀ ਤੋਂ ਪਰਿਵਾਰ ਦਾ ਵਿਛੋੜਾ ਹੋਇਆ। ਇੱਕ ਪਾਸੇ ਸਿਰਸਾ ਨਦੀ ਦੇ ਕੰਡੇ 'ਤੇ ਜੰਗ ਲੱਗੀ ਹੈ, ਦੂਜੇ ਪਾਸੇ ਨਦੀ ਨੂੰ ਪਾਰ ਕਰਦਿਆਂ ਗੁਰੂ ਸਾਹਿਬ ਤੋਂ ਸਾਹਿਬਜ਼ਾਦੇ ਅਤੇ ਸਿੰਘ ਵੱਖ-ਵੱਖ ਹੋ ਗਏ। ਇਸ ਦੌਰਾਨ ਪਰਿਵਾਰ ਵਿਛੋੜਾ ਤੇ ਕਿਲਾ ਛੱਡਣਾ ਕਿੰਨਾ ਦਰਦਨਾਕ ਹੋਵੇਗਾ ਪਰ ਇਸ ਮਾਹੌਲ ਦੇ ਵਿੱਚ ਵੀ ਨਾ ਸਿੰਘਾਂ ਨੇ ਹੌਂਸਲਾ ਹਾਰਿਆ ਅਤੇ ਨਾ ਹੀ ਗੁਰੂ ਸਾਹਿਬ ਅਤੇ ਮਾਤਾਵਾਂ ਨੇ ਹੌਂਸਲਾ ਹਾਰਿਆ। ਇਹ ਹੀ ਹੌਂਸਲਾ ਸਾਨੂੰ ਵੀ ਸਬਰ ਅਤੇ ਸਿਰੜ ਸਿਖਾਉਂਦਾ ਹੈ ਕਿ ਗੁਰੂ ਦੇ ਭਾਣੇ ਨੂੰ ਮੰਨ ਕੇ ਚਲਣਾ ਚਾਹੀਦਾ ਹੈ।'
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਤੋਂ ਪੰਦਰਵਾੜੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹਨਾਂ ਦਿਨਾਂ 'ਚ ਗੁਰੂਆਂ ਦੀਆਂ ਕੁਰਬਾਣੀਆਂ ਨੂੰ ਯਾਦ ਕਰਨਾ ਚਾਹੀਦਾ ਹੈ।