ਲੁਧਿਆਣਾ: ਇਥੋਂ ਦੇ ਸਰਕਾਰੀ ਕਾਲਜ ਦੀ ਇੱਕ ਪ੍ਰੋਫੈਸਰ ਵੱਲੋਂ ਕਾਲਜ ਦੇ ਹੀ ਕਲਰਕ 'ਤੇ ਉਸ ਦੇ ਨਾਲ ਭੱਦੀ ਸ਼ਬਦਾਵਲੀ ਵਰਤਣ ਅਤੇ ਉਸ ਦੇ ਸਰੀਰ 'ਤੇ ਟਿੱਪਣੀ ਕਰਨ ਦੇ ਇਲਜ਼ਾਮ ਲਗਾਉਂਦਿਆਂ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਹੈ। ਮਹਿਲਾ ਪ੍ਰੋਫੈਸਰ ਨੇ ਕਿਹਾ ਕਿ ਉਹ ਪਿਛਲੇ 17 ਸਾਲ ਤੋਂ ਕਾਲਜ ਦੇ ਵਿੱਚ ਬਤੌਰ ਪ੍ਰੋਫੈਸਰ ਆਪਣੀ ਸੇਵਾਵਾਂ ਨਿਭਾ ਰਹੀ ਹੈ ਅਤੇ ਇਸ ਦੌਰਾਨ ਕਾਲਜ ਦੇ ਹੀ ਕਲਰਕ ਵੱਲੋਂ ਉਸ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਕਾਲਜ ਦੇ ਕਲਰਕ 'ਤੇ ਇਲਜ਼ਾਮ: ਉਹਨਾਂ ਕਿਹਾ ਕਿ ਇਸ ਸਬੰਧੀ ਜਦੋਂ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਸੈਕਟਰੀ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਅਤੇ ਕਾਲਜ 'ਚ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਪਰ ਕਮੇਟੀ ਦੇ ਵਿੱਚ ਕਲਰਕ ਪੱਧਰ ਦੇ ਮੁਲਾਜ਼ਮਾਂ ਨੂੰ ਪਾ ਲਿਆ ਗਿਆ। ਜਿਨਾਂ ਨੇ ਅੱਜ ਤੱਕ ਰਿਪੋਰਟ ਹੀ ਨਹੀਂ ਸੌਂਪੀ, ਜਿਸ ਕਰਕੇ ਉਹਨਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ ਹੁਣ ਉਹਨਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਹਿਲਾਂ ਵੀ ਕਲਰਕ ਖਿਲਾਫ਼ ਕਈ ਸ਼ਿਕਾਇਤਾਂ: ਪੀੜਿਤ ਮਹਿਲਾ ਦੇ ਨਾਲ ਲੁਧਿਆਣਾ ਤੋਂ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਵੀ ਮੌਜੂਦ ਰਹੇ, ਜਿਨਾਂ ਨੇ ਦੱਸਿਆ ਕਿ ਉਹ ਮਹਿਲਾ ਦਾ ਕੇਸ ਵੇਖ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦਾ ਦੁਰਵਿਹਾਰ ਕਿਸੇ ਵੀ ਤਰ੍ਹਾਂ ਦੇ ਨਾਲ ਬਖਸ਼ਣ ਲਾਇਕ ਨਹੀਂ ਹੈ। ਉਹਨਾਂ ਕਿਹਾ ਕਿ ਉਸ ਕਲਰਕ ਦੇ ਖਿਲਾਫ ਪਹਿਲਾ ਵੀ ਕਈ ਸ਼ਿਕਾਇਤਾਂ ਹਨ, ਪਹਿਲਾਂ ਵੀ ਕਾਲਜ ਦਾ ਸਟਾਫ ਉਸ ਤੋਂ ਪਰੇਸ਼ਾਨ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਨਾਲ ਕਾਲਜ ਤੋਂ ਸੇਵਾ ਮੁਕਤ ਹੋ ਚੁੱਕੇ ਸੁਪਰੀਡੈਂਟ ਵੀ ਪਹੁੰਚੇ ਹਨ, ਜੋ ਕਿ ਖੁਦ ਉਸ ਕਲਰਕ ਦੀਆਂ ਹਰਕਤਾਂ ਤੋਂ ਪਰੇਸ਼ਾਨ ਸਨ। ਉਹਨਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਪੁਲਿਸ ਨੇ ਉਸ 'ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਜਦੋਂ ਸਾਡੀ ਟੀਮ ਸਰਕਾਰੀ ਕਾਲਜ ਦੇ ਵਿੱਚ ਪਹੁੰਚੀ ਤਾਂ ਪ੍ਰਿੰਸੀਪਲ ਡਾਕਟਰ ਤਨਵੀਰ ਲਿਖਾਰੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੇ ਅਧੀਨ ਹੈ ਅਤੇ ਉਹ ਖੁਦ ਹੀ ਇਸ ਸਬੰਧੀ ਕੋਈ ਟਿੱਪਣੀ ਕਰ ਸਕਦੇ ਹਨ।
ਪੁਲਿਸ ਨੂੰ ਦਿੱਤੀਆਂ ਕਰਲਕ ਦੀਆਂ ਰਿਕਾਰਡਿੰਗਾਂ: ਇਸ ਦੌਰਾਨ ਮਹਿਲਾ ਪ੍ਰੋਫੈਸਰ ਨੇ ਕਿਹਾ ਕਿ ਉਸ ਨੂੰ ਮੂੰਹ ਲੁਕਾਉਣ ਦੀ ਵੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਮੂੰਹ ਲੁਕਾਉਣ ਦੀ ਲੋੜ ਉਸ ਨੂੰ ਹੈ ਜਿਸਨੇ ਇਹ ਸ਼ਰਮਨਾਕ ਹਰਕਤ ਕੀਤੀ ਹੈ। ਉਹ ਉਸ ਦੇ ਖਿਲਾਫ ਆਪਣੀ ਜੰਗ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ਬਾਕੀ ਕਾਲਜ ਦੀ ਸਟਾਫ ਮੈਂਬਰ ਵੀ ਉਸ ਤੋਂ ਪਰੇਸ਼ਾਨ ਹੈ ਪਰ ਕਾਲਜ ਦੇ ਵਿੱਚ 80 ਫੀਸਦੀ ਸਟਾਫ ਮੈਂਬਰ ਕੱਚਾ ਹੈ, ਜਿਸ ਕਰਕੇ ਕੋਈ ਉਸ ਦੇ ਖਿਲਾਫ ਬੋਲਣ ਤੋਂ ਡਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਮੇਰੇ ਨਾਲ ਨਾ ਸਿਰਫ ਫੋਨ 'ਤੇ ਸਗੋਂ ਸਾਰਿਆਂ ਦੇ ਸਾਹਮਣੇ ਜਨਤਕ ਤੌਰ 'ਤੇ ਵੀ ਭੱਦਾ ਮਜ਼ਾਕ ਕੀਤਾ, ਭੱਦੀਆਂ ਟਿੱਪਣੀਆਂ ਕੀਤੀਆਂ ਹਨ। ਜਿਸ ਦੀ ਰਿਕਾਰਡਿੰਗ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ।